ਕੈਨੇਡਾ ਦੀ ਸੱਟਡੀ ਵੀਜ਼ਾ ਸਖ਼ਤੀਆਂ ਦਾ ਸਭ ਤੋਂ ਵੱਧ ਭਾਰਤੀਆਂ ਨੂੰ ਲੱਗਿਆ ਝਟਕਾ, 74% ਅਰਜ਼ੀਆਂ ਹੋਈਆਂ ਰੱਦ

Global Team
2 Min Read

ਓਟਵਾ: ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਕੀਤੀ ਗਈ ਤਾਜ਼ਾ ਸਖ਼ਤੀ ਦਾ ਸਭ ਤੋਂ ਵੱਧ ਅਸਰ ਭਾਰਤੀ ਵਿਦਿਆਰਥੀਆਂ ‘ਤੇ ਪਿਆ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਸਤ 2025 ਵਿੱਚ ਕੈਨੇਡੀਅਨ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਭੇਜੀਆਂ ਗਈਆਂ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 74 ਫ਼ੀਸਦ ਅਰਜ਼ੀਆਂ ਰੱਦ ਕੀਤੀਆਂ ਗਈਆਂ, ਜਦਕਿ ਅਗਸਤ 2023 ਵਿੱਚ ਇਹ ਦਰ ਕੇਵਲ 32 ਫ਼ੀਸਦ ਸੀ। ਇਸੇ ਦੌਰਾਨ, ਚੀਨੀ ਵਿਦਿਆਰਥੀਆਂ ਦੀਆਂ ਸਿਰਫ਼ 24 ਫ਼ੀਸਦ ਅਰਜ਼ੀਆਂ ਹੀ ਰੱਦ ਹੋਈਆਂ।

ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤੀ ਬਿਨੈਕਾਰਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਲਾਲ ਗਿਰਾਵਟ ਆਈ ਹੈ। ਅਗਸਤ 2023 ਵਿੱਚ ਜਿੱਥੇ 20,900 ਭਾਰਤੀਆਂ ਨੇ ਅਰਜ਼ੀਆਂ ਦਿੱਤੀਆਂ ਸਨ, ਉੱਥੇ ਅਗਸਤ 2025 ਵਿੱਚ ਇਹ ਗਿਣਤੀ ਘਟ ਕੇ ਕੇਵਲ 4,515 ਰਹਿ ਗਈ।

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵਿਦਿਆਰਥੀ ਵੀਜ਼ਿਆਂ ਨਾਲ ਜੁੜੀ ਧੋਖਾਧੜੀ ਅਤੇ ਅਸਥਾਈ ਪਰਵਾਸੀਆਂ ਦੀ ਵਧਦੀ ਗਿਣਤੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ। 2023 ਵਿੱਚ ਲਗਭਗ 1,550 ਜਾਅਲੀ ਪ੍ਰਵਾਨਗੀ ਪੱਤਰਾਂ ਵਾਲੀਆਂ ਅਰਜ਼ੀਆਂ ਦਾ ਪਤਾ ਲੱਗਾ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਾਰਤ ਤੋਂ ਸਨ। ਇਸ ਤੋਂ ਬਾਅਦ, ਕੈਨੇਡਾ ਨੇ ਵੀਜ਼ਾ ਜਾਂਚ ਪ੍ਰਕਿਰਿਆ ਹੋਰ ਸਖ਼ਤ ਕਰ ਦਿੱਤੀ ਹੈ।

ਭਾਰਤੀ ਦੂਤਾਵਾਸ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨਾਲ ਜਾਣੂ ਹੈ, ਪਰ ਵੀਜ਼ਾ ਜਾਰੀ ਕਰਨਾ ਕੈਨੇਡਾ ਦਾ ਆਪਣਾ ਅਧਿਕਾਰ ਹੈ। ਇਸ ਨਾਲ ਨਾਲ ਦੂਤਾਵਾਸ ਨੇ ਇਹ ਵੀ ਜ਼ੋਰ ਦੇ ਕੇ ਕਿਹਾ, “ਦੁਨੀਆ ਦੇ ਕੁਝ ਸਭ ਤੋਂ ਵਧੀਆ ਵਿਦਿਆਰਥੀ ਭਾਰਤ ਤੋਂ ਹਨ ਅਤੇ ਕੈਨੇਡੀਅਨ ਸੰਸਥਾਵਾਂ ਨੇ ਪਿਛਲੇ ਸਮੇਂ ਵਿੱਚ ਇਨ੍ਹਾਂ ਵਿਦਿਆਰਥੀਆਂ ਦੇ ਹੁਨਰ ਤੋਂ ਬਹੁਤ ਲਾਭ ਪ੍ਰਾਪਤ ਕੀਤਾ ਹੈ।”

Share This Article
Leave a Comment