ਤਰਨ ਤਾਰਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੀਆਂ ਮਹਿਲਾਵਾਂ ਨੂੰ ਅਗਲੇ ਬਜਟ ਤੋਂ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ। ਇਹ ਐਲਾਨ ਉਨ੍ਹਾਂ ਨੇ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਚੋਣ ਪ੍ਰਚਾਰ ਦੌਰਾਨ ਕੀਤਾ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਲੋਕਾਂ ਦੇ ਬਿਜਲੀ ਬਿਲ ਮੁਆਫ ਕਰ ਚੁੱਕੀ ਹੈ ਅਤੇ ਸਕੂਲਾਂ ਦੀਆਂ ਫੀਸਾਂ ਘਟਾ ਕੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਜਨਤਾ ਨੂੰ ਸੰਬੋਧਨ ਕਰਦਿਆਂ ਸੀਐਮ ਭਗਵੰਤ ਮਾਨ ਨੇ ਕਿਹਾ, “ਅਸੀਂ ਮਾਤਾਵਾਂ ਤੇ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾਵੇਗਾ। ਅਗਲੇ ਬਜਟ ‘ਚ ਇਹ ਵਾਅਦਾ ਪੂਰਾ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਪੰਜ ਸਾਲਾਂ ਵਿੱਚ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ।
ਇਸ ਮੌਕੇ ਤੇ ਸੀਐਮ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਤਿੱਖੇ ਸ਼ਬਦਾਂ ਵਿੱਚ ਹਮਲਾ ਕੀਤਾ। ਉਨ੍ਹਾਂ ਨੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਬਿਆਨ ‘ਤੇ ਤੰਜ ਕਰਦੇ ਹੋਏ ਕਿਹਾ ਕਿ “ਜਦ ਉਹਨਾਂ ਦੀ ਸਰਕਾਰ ਸੀ ਉਦੋਂ ਮਜੀਠੀਆ ਨੂੰ ਹੀ ਲੋਕ ਚਿੱਟੇ ਦੇ ਨਾਮ ਨਾਲ ਜਾਣਦੇ ਸਨ। ਪਹਿਲਾਂ ਹਰਸਿਮਰਤ ਕੌਰ ਕਹਿੰਦੇ ਸਨ ਕਿ ਜੋ ਚਿੱਟਾ ਵੇਚਦਾ ਹੈ, ਉਸਦਾ ਕੁਝ ਨਾ ਰਹੇ, ਹੁਣ ਮਜੀਠੀਆ ਦਾ ਆਪ ਹੀ ਕੁਝ ਨਹੀਂ ਰਿਹਾ, ਜੇਲ੍ਹ ‘ਚ ਸਿਰਹਾਣਾ ਮੰਗਾਉਂਦਾ ਹੈ।”
ਤਰਨਤਾਰਨ ਦੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਿਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ ‘ਤੇ 11 ਨਵੰਬਰ ਨੂੰ ਵੋਟਿੰਗ ਹੋਵੇਗੀ ਤੇ 14 ਨਵੰਬਰ ਨੂੰ ਗਿਣਤੀ ਹੋਵੇਗੀ।
ਚੋਣ ਮੈਦਾਨ ਵਿੱਚ ਚਾਰ ਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ, ਕਾਂਗਰਸ ਤੋਂ ਕਰਣਬੀਰ ਸਿੰਘ ਬੁਰਜ, ਅਕਾਲੀ ਦਲ ਤੋਂ ਸੁਖਵਿੰਦਰ ਕੌਰ ਰੰਧਾਵਾ ਅਤੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ। ਇਸ ਤੋਂ ਇਲਾਵਾ, ਅਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਪਾਰਟੀ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੇ ਸੁਧੀਰ ਸੂਰੀ ਕਤਲਕਾਂਡ ਦੇ ਦੋਸ਼ੀ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਘੋਸ਼ਿਤ ਕੀਤਾ ਹੈ।
ਮਹਿਲਾਵਾਂ ਨੂੰ 1000 ਰੁਪਏ ਦਾ ਵਾਅਦਾ ਆਮ ਆਦਮੀ ਪਾਰਟੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤਾ ਸੀ। ਹੁਣ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ 2027 ਵਿੱਚ ਹੋਣਗੀਆਂ ਤਾਂ ਉਸ ਤੋਂ ਪਹਿਲਾਂ ਮਾਨ ਸਰਕਾਰ ਆਪਣਾ ਵਾਅਦਾ ਪੂਰਾ ਕਰਕੇ ਕਿਸੇ ਵੀ ਤਰੀਕੇ ਨਾਲ ਵਿਰੋਧੀਆਂ ਨੂੰ ਇਸ ਮੁੱਦੇ ‘ਤੇ ਬੋਲਣ ਦਾ ਮੌਕਾ ਦੇਣ ਦੀ ਕੋਸ਼ਿਸ਼ ਨਹੀਂ ਕਰੇਗੀ। ਪੰਜਾਬ ਦਾ ਬਜਟ ਆਮਤੌਰ ‘ਤੇ ਮਾਰਚ ਮਹੀਨੇ ਜਾਰੀ ਕੀਤਾ ਜਾਂਦਾ ਹੈ।

