ਕੌਣ ਅਰੂਸਾ ! ਮੈਂ ਨਹੀਂ ਜਾਣਦਾ ਕੌਣ ਹੈ ਅਰੂਸਾ ਆਲਮ‌ : ਪ੍ਰਤਾਪ ਬਾਜਵਾ

TeamGlobalPunjab
2 Min Read

ਲੁਧਿਆਣਾ : ਅਰੂਸਾ ਆਲਮ ਨੂੰ ਲੈ ਕੇ ਸੂਬੇ ਦੀ ਸਿਆਸਤ ਇਸ ਸਮੇਂ ਗਰਮਾਈ ਹੋਈ ਹੈ। ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਅਰੂਸਾ ਆਲਮ ਦੇ ਆਈਐਸਆਈ ਨਾਲ ਕਥਿਤ ਸਬੰਧਾਂ ਬਾਰੇ ਜਾਂਚ ਸਬੰਧੀ ਦਿੱਤੇ ਬਿਆਨ ‘ਤੋਂ ਬਾਅਦ ਇਹ ਮਾਮਲਾ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ।

 ਇਸ ਮਸਲੇ ‘ਤੇ ਹੁਣ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਬਾਜਵਾ ਨੇ ਸਾਫ਼ ਕੀਤਾ ਹੈ ਕਿ ਉਹ ਕਦੇ ਵੀ ਅਰੂਸਾ ਆਲਮ ਨੂੰ ਨਹੀਂ ਮਿਲੇ। ਉਨ੍ਹਾਂ ਕਿਹਾ ਕਿ, ‘ਉਹ ਇਸ ਵਿਵਾਦ ਸਬੰਧੀ ਜਾਣਕਾਰੀ ਨਹੀਂ ਰੱਖਦੇ ਅਤੇ ਨਾ ਹੀ ਉਨ੍ਹਾਂ ਦੀ ਕੋਈ ਵਾਕਫੀਅਤ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਰੂਸਾ ਨੂੰ ਜਾਣਦੇ ਹਨ, ਉਹ ਹੀ ਇਸ ਸਬੰਧੀ ਬਿਆਨ ਦੇ ਸਕਦੇ ਹਨ, ਪਰ ਮੈਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਰੱਖਦਾ।’

ਬਾਜਵਾ ਸ਼ਨੀਵਾਰ ਨੂੰ ਲੁਧਿਆਣਾ ਪਹੁੰਚੇ ਸਨ, ਜਿੱਥੇ ਉਨ੍ਹਾਂ ਇੱਕ ਸਕੂਲ ਦੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ।

ਬਾਜਵਾ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਅਤੇ ਸੁੱਖੀ ਰੰਧਾਵਾ ਵਿਚਾਲੇ ਚੱਲ ਰਹੀ ‘ਟਵਿੱਟਰ ਵਾਰ’ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ਟਵਿੱਟਰ ਬੀਤੇ ਦੋ ਤਿੰਨ ਮਹੀਨਿਆਂ ਤੋਂ ਬੰਦ ਹੈ। ਬੀ. ਐਸ. ਐਫ. ਦੇ ਮੁੱਦੇ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਬਾਜਵਾ ਨੇ ਕਿਹਾ ਕਿ ਕੇਂਦਰ ਨੇ ਫੈੱਡਰੇਸ਼ਨ ਸਿਸਟਮ ਨੂੰ ਢਾਹ ਲਾਈ ਹੈ, ਉਨ੍ਹਾਂ ਕਿਹਾ ਕਿ ਇਹ ਸੂਬੇ ਦਾ ਅਧਿਕਾਰ ਹੁੰਦਾ ਹੈ, ਉਸ ਦੀ ਇਜਾਜ਼ਤ ਤੋਂ ਬਿਨਾਂ ਬੀ. ਐਸ. ਐਫ. ਦਾ ਦਾਇਰਾ ਨਹੀਂ ਵਧਾਇਆ ਜਾ ਸਕਦਾ।

- Advertisement -

ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਜੋ ਆਲ ਪਾਰਟੀ ਮੀਟਿੰਗ ਕਰ ਰਹੇ ਹਨ, ਉਹ ਇਸ ਦੀ ਹਮਾਇਤ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਨੂੰ ਇਸ ਮਾਮਲੇ ਵਿਚ ਪੰਜਾਬ ਸਰਕਾਰ ਦੀ ਸਲਾਹ ਲੈਣੀ ਚਾਹੀਦੀ ਸੀ।

ਉੱਧਰ ਦੂਜੇ ਪਾਸੇ ਅਫ਼ਗਾਨਿਸਤਾਨ ’ਚ ਰਹਿੰਦੇ ਸਿੱਖਾਂ ਸਬੰਧੀ ਜਦੋਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ਵਿਚ ਲਗਾਤਾਰ ਇਹ ਮੁੱਦਾ ਚੁੱਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਅਫ਼ਗਾਨਿਸਤਾਨ ਵਿਚ ਕੁਝ ਕੁ ਹੀ ਪਰਿਵਾਰ ਸਿੱਖਾਂ ਦੇ ਬਚੇ ਹਨ, ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਇੱਥੇ ਆਉਣ ਦਾ ਖੁੱਲ੍ਹਾ ਸੱਦਾ ਦੇ ਰਹੀ ਹੈ।

Share this Article
Leave a comment