ਚੰਡੀਗੜ੍ਹ: ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਕੁੱਝ ਪੋਸਟਾਂ ਵਾਇਰਲ ਹੋ ਰਹੀਆਂ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਜੁੱਤਿਆਂ ਦੀ ਰਾਖੀ ਲਈ ਪੰਜਾਬ ਪੁਲਿਸ ਨੇ ਆਪਣੇ 2 ਮੁਲਾਜ਼ਮਾਂ ਦੀ ਸਪੈਸ਼ਲ ਡਿਊਟੀ ਲਗਾਈ ਹੈ। ਵਾਇਰਲ ਹੋ ਰਹੀਆਂ ਇਹਨਾਂ ਪੋਸਟਾਂ ‘ਤੇ ਪੰਜਾਬ ਪੁਲਿਸ ਨੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।
ਦਰਅਸਲ ਇਹ ਜਿਹੜੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ ਇਹਨਾਂ ਵਿੱਚ ਸੀਐਮ ਭਗਵੰਤ ਮਾਨ ਦੇ ਜੁੱਤਿਆਂ ਨੂੰ ਲੱਖਾਂ ਰੁਪਏ ਵਾਲੀ ਕੀਮਤ ਦੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਆਰ.ਟੀ.ਆਈ ਕਾਰਕੁਨ ਮਾਨਿਕ ਗੋਇਲ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ 2 ਨਵੰਬਰ ਨੂੰ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ, ‘‘ਮੁੱਖ ਮੰਤਰੀ ਦੇ 3 ਲੱਖ ਦੇ Gucci ਜੁੱਤਿਆਂ ਦੀ ਰਾਖੀ ਲਈ ਵੀ 2 ਪੁਲਿਸ ਮੁਲਾਜਮਾਂ ਦੀ ਖ਼ਾਸ ਡਿਊਟੀ ਲਗਦੀ ਹੈ। ਜਦੋਂ ਕਿ ਆਮ ਲੋਕਾਂ ਦੀ ਜਾਨ ਮਾਲ ਦਾ ਕੋਈ ਧਿਆਨ ਨਹੀਂ।’’

ਹਲਾਂਕਿ ਸ੍ਰੀ ਮੁਕਤਸਰ ਸਾਹਿਬ ਦੇ ਐਸ.ਪੀ ਰਾਜਨ ਸ਼ਰਮਾ ਨੇ ਇਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੀਵਰੇਜ ਪ੍ਰੋਜੈਕਟ ਦੇ ਉਦਘਾਟਨ ਲਈ ਮੁੱਖ ਮੰਤਰੀ ਪੰਜਾਬ ਦੇ ਦੌਰੇ ਬਾਰੇ ਗਲਤ ਜਾਣਕਾਰੀ ਫੈਲਾਈ ਹੈ। ਖਾਸ ਤੌਰ ’ਤੇ ਕੁਝ ਪੋਸਟਾਂ ਨੇ ਇਹ ਦਾਅਵਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਸਮੇਂ ਮੁੱਖ ਮੰਤਰੀ ਦੇ ਜੁੱਤਿਆਂ ਕੋਲ ਦੋ ਪੁਲਿਸ ਵਾਲੇ ਤਾਇਨਾਤ ਕੀਤੇ ਜਾਣਗੇ।
ਐਸ.ਪੀ ਨੇ ਕਿਹਾ, ‘‘ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਹ ਖਬਰਾਂ ਪੂਰੀ ਤਰ੍ਹਾਂ ਮਨ ਘੜਤ ਹਨ ਅਤੇ ਕਿਸੇ ਵੀ ਅਧਿਕਾਰਤ ਜਾਣਕਾਰੀ ’ਤੇ ਆਧਾਰਤ ਨਹੀਂ ਹਨ। ਮੁੱਖ ਮੰਤਰੀ ਦੇ ਜੁੱਤਿਆਂ ਕੋਲ ਪੁਲਿਸ ਵਾਲੇ ਤਾਇਨਾਤ ਕਰਨ ਦੀਆਂ ਖਬਰਾਂ ਝੂਠੀਆਂ ਅਤੇ ਗੁਮਰਾਹਕੁਨ ਹਨ। ਅਸੀਂ ਜਨਤਾ ਅਤੇ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਸਹੀ ਜਾਣਕਾਰੀ ਲਈ ਕੇਵਲ ਅਧਿਕਾਰਤ ਸਰੋਤਾਂ ’ਤੇ ਭਰੋਸਾ ਕੀਤਾ ਜਾਵੇ।’’
ਐਸ.ਪੀ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਪੁਲਿਸ ਮੁੱਖੀ ਡਾ. ਅਖਿਲ ਚੌਧਰੀ ਦਾ ਬਿਆਨ ਵੀ ਜਾਰੀ ਕੀਤਾ ਗਿਆ। ਜਿਸ ਵਿੱਚ ਐਸ.ਐਸ.ਪੀ ਨੇ ਵੀ ਸਾਫ਼ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮੁਕਤਸਰ ਸਾਹਿਬ ਵਿੱਚ ਸਿਰਫ਼ ਇੱਕ ਜਗ੍ਹਾ ‘ਤੇ ਹੀ ਸੀ। ਉਹਨਾਂ ਨੇ ਸਿਰਫ਼ ਸੀਵਰੇਜ ਪ੍ਰੋਜੈਕਟ ਦਾ ਉਦਘਾਟਨ ਕਰਨ ਹੀ ਆਉਣਾ ਸੀ। ਹੋਰ ਕੋਈ ਵੀ ਪ੍ਰੋਗਰਾਮ ਤੈਅ ਨਹੀਂ ਸੀ ਅਤੇ ਨਾ ਹੀ ਕਿਸੇ ਗੁਰ ਦੁਆਰਾ ਸਾਹਿਬ ਵਿੱਚ ਜਾਣ ਦਾ ਪ੍ਰੋਗਰਾਮ ਸੀ। ਪਰ ਇਸ ਦੇ ਬਾਵਜੂਦ ਕਈ ਥਾਵਾਂ ‘ਤੇ ਝੂਠੀਆਂ ਅਤੇ ਮਨਘੜਤ ਖ਼ਬਰਾਂ ਚਲਾਈਆਂ ਗਈਆਂ।

