ਨਵੀਂ ਦਿੱਲੀ: ਤੇਲੰਗਾਨਾ ਦੀ ਅਫਸ਼ਾ ਬੇਗਮ ਦਾ ਪਤੀ ਮੋਹੱਮਦ ਅਹਿਮਦ ਰੂਸ-ਯੂਕਰੇਨ ਜੰਗ ਵਿੱਚ ਫਸ ਗਿਆ ਹੈ। ਅਫਸ਼ਾ ਮੁਤਾਬਕ, ਮੋਹੱਮਦ ਅਹਿਮਦ ਇਸ ਸਾਲ ਅਪ੍ਰੈਲ 2025 ਵਿੱਚ ਤੇਲੰਗਾਨਾ ਤੋਂ ਰੂਸ ਗਿਆ ਸੀ। ਉਸ ਨੂੰ ਉਮੀਦ ਸੀ ਕਿ ਉਸ ਨੂੰ ਉੱਥੇ ਉਸਾਰੀ (ਕੰਸਟ੍ਰਕਸ਼ਨ) ਦੀ ਨੌਕਰੀ ਮਿਲੇਗੀ।
ਪਰ ਰੂਸ ਪਹੁੰਚਣ ਤੋਂ ਕੁਝ ਦਿਨ ਬਾਅਦ ਹੀ ਉਹ ਰੂਸ-ਯੂਕਰੇਨ ਜੰਗ ਵਿੱਚ ਫਸ ਗਿਆ। ਅਫਸ਼ਾ ਦਾ ਕਹਿਣਾ ਹੈ ਕਿ ਉਸ ਦੇ ਜੌਬ ਏਜੰਟ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸ ਨੂੰ ਜੰਗ ’ਚ ਲੜਨ ਲਈ ਮਜਬੂਰ ਕੀਤਾ।
ਅਫਸ਼ਾ ਬੇਗਮ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ
ਅਫਸ਼ਾ ਬੇਗਮ ਨੇ ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ 37 ਸਾਲ ਦੇ ਮੋਹੱਮਦ ਅਹਿਮਦ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਨੂੰ ਰੂਸ ਵਿੱਚ ਫਸਾਇਆ ਗਿਆ ਅਤੇ ਜੰਗ ਲਈ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਅਫਸ਼ਾ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਲਿਖਿਆ ਕਿ ਮੁੰਬਈ ਦੀ ਇੱਕ ਕੰਸਲਟੈਂਸੀ ਫਰਮ ਨੇ ਮੋਹੱਮਦ ਅਹਿਮਦ ਨੂੰ ਰੂਸ ਵਿੱਚ ਕੰਸਟ੍ਰਕਸ਼ਨ ਕੰਪਨੀ ਵਿੱਚ ਨੌਕਰੀ ਦਾ ਵਾਅਦਾ ਕੀਤਾ ਸੀ। ਇਸ ਵਾਅਦੇ ’ਤੇ ਮੋਹੱਮਦ ਅਪ੍ਰੈਲ 2025 ਵਿੱਚ ਰੂਸ ਗਿਆ।
ਜਬਰਦਸਤੀ ਹਥਿਆਰ ਚਲਾਉਣ ਦੀ ਸਿਖਲਾਈ
ਅਫਸ਼ਾ ਦਾ ਕਹਿਣਾ ਹੈ ਕਿ ਮੋਹੱਮਦ ਨੂੰ ਇੱਕ ਮਹੀਨੇ ਤੱਕ ਬਿਨਾਂ ਕੰਮ ਦੇ ਬਿਠਾਇਆ ਗਿਆ। ਫਿਰ ਉਸ ਨੂੰ 30 ਹੋਰ ਲੋਕਾਂ ਨਾਲ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਭੇਜਿਆ ਗਿਆ ਅਤੇ ਜਬਰਦਸਤੀ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਗਈ।
ਸਿਖਲਾਈ ਤੋਂ ਬਾਅਦ, 26 ਲੋਕਾਂ ਨੂੰ ਯੂਕਰੇਨ ਦੀ ਸੈਨਾ ਨਾਲ ਲੜਨ ਲਈ ਸਰਹੱਦ ’ਤੇ ਭੇਜਿਆ ਗਿਆ। ਸਰਹੱਦ ’ਤੇ ਜਾਣ ਸਮੇਂ ਮੋਹੱਮਦ ਫੌਜ ਦੀ ਗੱਡੀ ਤੋਂ ਛਾਲ ਮਾਰ ਕੇ ਭੱਜਿਆ, ਜਿਸ ਕਾਰਨ ਉਸ ਦੇ ਸੱਜੇ ਪੈਰ ਵਿੱਚ ਸੱਟ ਲੱਗੀ ਅਤੇ ਹੱਡੀ ਟੁੱਟ ਗਈ। ਉਸ ਨੇ ਲੜਨ ਤੋਂ ਇਨਕਾਰ ਕੀਤਾ, ਪਰ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਜਾਂ ਤਾਂ ਉਹ ਯੂਕਰੇਨੀ ਸੈਨਾ ਨਾਲ ਲੜੇ, ਨਹੀਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।
ਮੋਹੱਮਦ ਅਹਿਮਦ ਦਾ ਵੀਡੀਓ
ਮੋਹੱਮਦ ਅਹਿਮਦ ਨੇ ਰੂਸ ਵਿੱਚ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਉਸ ਨੇ ਦੱਸਿਆ ਕਿ ਸਿਖਲਾਈ ਲੈਣ ਵਾਲੇ 25 ਲੋਕਾਂ ਵਿੱਚੋਂ 17 ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਭਾਰਤੀ ਵੀ ਸੀ।
ਵੀਡੀਓ ਵਿੱਚ ਉਸ ਨੇ ਕਿਹਾ, “ਮੈਂ ਸਰਹੱਦ ’ਤੇ ਹਾਂ, ਜਿੱਥੇ ਜੰਗ ਚੱਲ ਰਹੀ ਹੈ। ਅਸੀਂ ਚਾਰ ਭਾਰਤੀਆਂ ਨੇ ਲੜਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਸਾਡੇ ’ਤੇ ਬੰਦੂਕ ਤਾਣ ਦਿੱਤੀ। ਮੇਰੀ ਗਰਦਨ ’ਤੇ ਬੰਦੂਕ ਰੱਖ ਕੇ ਕਿਹਾ ਕਿ ਮੈਨੂੰ ਗੋਲੀ ਮਾਰ ਦੇਣਗੇ ਅਤੇ ਕਹਿਣਗੇ ਕਿ ਡਰੋਨ ਨੇ ਮਾਰਿਆ। ਮੇਰੇ ਪੈਰ ’ਤੇ ਪਲਾਸਟਰ ਹੈ, ਮੈਂ ਚੱਲ ਨਹੀਂ ਸਕਦਾ। ਉਸ ਏਜੰਟ ਨੂੰ ਨਾ ਛੱਡਿਓ, ਜਿਸ ਨੇ ਮੈਨੂੰ ਇੱਥੇ ਭੇਜਿਆ। ਉਸ ਨੇ ਮੈਨੂੰ 25 ਦਿਨ ਬਿਨਾਂ ਕੰਮ ਦੇ ਬਿਠਾਇਆ ਅਤੇ ਇਸ ਜੰਗ ਵਿੱਚ ਧੱਕ ਦਿੱਤਾ।”

 
			
 
		