ਬੈਂਗਲੁਰੂ: 38 ਸਾਲਾ ਇੱਕ ਇੰਜੀਨੀਅਰ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ, ਓਲਾ ਇਲੈਕਟ੍ਰਿਕ ਦੇ ਸੰਸਥਾਪਕ ਅਤੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ‘ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਬੈਂਗਲੁਰੂ ਪੁਲਿਸ ਨੇ ਕਿਹਾ ਕਿ ਓਲਾ ਇਲੈਕਟ੍ਰਿਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਭਾਵੀਸ਼ ਅਗਰਵਾਲ ਅਤੇ ਸੀਨੀਅਰ ਅਧਿਕਾਰੀ ਸੁਬਰਤ ਕੁਮਾਰ ਦਾਸ ਵਿਰੁੱਧ ਕੰਪਨੀ ਦੇ 38 ਸਾਲਾ ਕਰਮਚਾਰੀ ਨੂੰ ਕਥਿਤ ਤੌਰ ‘ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਕਰਮਚਾਰੀ 28 ਸਤੰਬਰ ਨੂੰ ਰਹੱਸਮਈ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ ਸੀ। ਹਾਲਾਂਕਿ, ਕੰਪਨੀ ਨੇ ਪਰੇਸ਼ਾਨੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ।ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ ਆਪਣੇ ਸੰਸਥਾਪਕ ਅਤੇ ਹੋਰ ਅਧਿਕਾਰੀਆਂ ਵਿਰੁੱਧ ਦਰਜ ਐਫਆਈਆਰ ਨੂੰ ਚੁਣੌਤੀ ਦੇਣ ਲਈ ਕਰਨਾਟਕ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਮ੍ਰਿਤਕ ਜਿਸਦੀ ਪਛਾਣ ਕੇ. ਅਰਵਿੰਦ ਵਜੋਂ ਹੋਈ ਹੈ, 2022 ਤੋਂ ਕੋਰਮੰਗਲਾ ਵਿੱਚ ਓਲਾ ਇਲੈਕਟ੍ਰਿਕ ਵਿੱਚ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਇੱਕ ਬਿਆਨ ਵਿੱਚ, ਕੰਪਨੀ ਨੇ ਕਿਹਾ, ਸਾਨੂੰ ਆਪਣੇ ਸਾਥੀ ਅਰਵਿੰਦ ਦੀ ਬਦਕਿਸਮਤੀ ਨਾਲ ਹੋਈ ਮੌਤ ਤੋਂ ਬਹੁਤ ਦੁੱਖ ਹੋਇਆ ਹੈ ਅਤੇ ਇਸ ਮੁਸ਼ਕਿਲ ਸਮੇਂ ਵਿੱਚ ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ।ਅਰਵਿੰਦ ਸਾਢੇ ਤਿੰਨ ਸਾਲ ਓਲਾ ਇਲੈਕਟ੍ਰਿਕ ਨਾਲ ਰਿਹਾ ਅਤੇ ਬੰਗਲੁਰੂ ਵਿੱਚ ਸਾਡੇ ਹੈੱਡਕੁਆਰਟਰ ਵਿੱਚ ਕੰਮ ਕਰਦਾ ਸੀ।
ਪੁਲਿਸ ਦੇ ਅਨੁਸਾਰ, ਅਰਵਿੰਦ ਦੇ ਭਰਾ ਅਸ਼ਵਿਨ ਕੰਨਨ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ 28 ਸਤੰਬਰ ਨੂੰ ਅਰਵਿੰਦ ਨੇ ਚਿਕਲਾਸੰਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਮਹਾਰਾਜਾ ਅਗਰਸੇਨ ਹਸਪਤਾਲ ਲਿਜਾਇਆ ਗਿਆ। ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਮੌਤ ਹੋ ਗਈ। ਅਰਵਿੰਦ ਦੇ ਕਮਰੇ ਵਿੱਚੋਂ 28 ਪੰਨਿਆਂ ਦਾ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ। ਇਸ ਵਿੱਚ ਉਸਨੇ ਕਥਿਤ ਤੌਰ ‘ਤੇ ਆਪਣੇ ਸੀਨੀਅਰ ਅਧਿਕਾਰੀਆਂ ‘ਤੇ ਮਾਨਸਿਕ ਪਰੇਸ਼ਾਨੀ ਅਤੇ ਤਨਖਾਹ ਅਤੇ ਭੱਤਿਆਂ ਦਾ ਭੁਗਤਾਨ ਨਾ ਕਰਨ ਦਾ ਦੋਸ਼ ਲਗਾਇਆ, ਜਿਸ ਕਾਰਨ ਉਸਨੇ ਜ਼ਹਿਰ ਖਾ ਲਿਆ।