ਮੀਰਾਬਾਈ ਚਾਨੂ ਦੀ ਸ਼ਾਨਦਾਰ ਵਾਪਸੀ: ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗਮਾ

Global Team
3 Min Read

ਨਿਊਜ਼ ਡੈਸਕ: ਭਾਰਤ ਦੀ ਸਟਾਰ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਅੰਤਰਰਾਸ਼ਟਰੀ ਮੰਚ ‘ਤੇ ਲੰਬੇ ਸਮੇਂ ਦੀ ਉਡੀਕ ਨੂੰ ਖਤਮ ਕਰਦਿਆਂ ਸ਼ਾਨਦਾਰ ਵਾਪਸੀ ਕੀਤੀ ਹੈ। ਨਾਰਵੇ ਦੇ ਫੋਰਡ ਵਿੱਚ ਚੱਲ ਰਹੀ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਉਸਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਇਹ ਉਸਦਾ ਵਿਸ਼ਵ ਚੈਂਪੀਅਨਸ਼ਿਪ ਦਾ ਤੀਜਾ ਤਗਮਾ ਹੈ, ਜਿਸ ਨਾਲ ਉਹ ਕੁੰਜਰਾਨੀ ਦੇਵੀ (7) ਅਤੇ ਕਰਨਮ ਮੱਲੇਸ਼ਵਰੀ (4) ਤੋਂ ਬਾਅਦ ਦੋ ਤੋਂ ਵੱਧ ਵਿਸ਼ਵ ਚੈਂਪੀਅਨਸ਼ਿਪ ਤਗਮੇ ਜਿੱਤਣ ਵਾਲੀ ਤੀਜੀ ਭਾਰਤੀ ਵੇਟਲਿਫਟਰ ਬਣ ਗਈ ਹੈ।

ਮਾਨਸਿਕ ਅਤੇ ਸਰੀਰਕ ਤਣਾਅ ‘ਤੇ ਜਿੱਤ

ਮੀਰਾਬਾਈ ਚਾਨੂ ਪਿਛਲੇ ਕੁਝ ਸਾਲਾਂ ਤੋਂ ਮਾਨਸਿਕ ਅਤੇ ਸਰੀਰਕ ਤਣਾਅ ਦਾ ਸਾਹਮਣਾ ਕਰ ਰਹੀ ਸੀ। 2023 ਵਿੱਚ ਵਿਸ਼ਵ ਚੈਂਪੀਅਨਸ਼ਿਪ ਅਤੇ ਹਾਲ ਹੀ ਦੇ ਪੈਰਿਸ ਓਲੰਪਿਕ ਵਿੱਚ ਚੌਥਾ ਸਥਾਨ ਹਾਸਲ ਕਰਨਾ ਉਸ ਲਈ ਨਿਰਾਸ਼ਾਜਨਕ ਸੀ। ਟੋਕੀਓ ਓਲੰਪਿਕ 2021 ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ, ਉਹ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਪੋਡੀਅਮ ‘ਤੇ ਪਹੁੰਚਣ ਦੀ ਉਮੀਦ ਕਰ ਰਹੀ ਸੀ। ਸੱਟਾਂ ਅਤੇ ਸਰਜਰੀਆਂ ਦੇ ਲੰਬੇ ਸਮੇਂ ਦੇ ਬਾਵਜੂਦ, 31 ਸਾਲ ਦੀ ਇਸ ਅਨੁਭਵੀ ਖਿਡਾਰਨ ਨੇ ਨਾ ਸਿਰਫ਼ ਵਾਪਸੀ ਕੀਤੀ, ਸਗੋਂ ਟੋਕੀਓ ਓਲੰਪਿਕ ਵਾਲੀ ਪ੍ਰਦਰਸ਼ਨ ਨੂੰ ਦੁਹਰਾਇਆ। ਪੈਰਿਸ ਓਲੰਪਿਕ ਤੋਂ ਬਾਅਦ ਇਹ ਉਸਦਾ ਪਹਿਲਾ ਅੰਤਰਰਾਸ਼ਟਰੀ ਮੁਕਾਬਲਾ ਸੀ।

48 ਕਿਲੋਗ੍ਰਾਮ ਵਰਗ ਵਿੱਚ ਜ਼ਬਰਦਸਤ ਮੁਕਾਬਲਾ

48 ਕਿਲੋਗ੍ਰਾਮ ਵਰਗ ਵਿੱਚ ਮੀਰਾਬਾਈ ਚਾਨੂ ਨੇ ਕੁੱਲ 199 ਕਿਲੋਗ੍ਰਾਮ (ਸਨੈਚ ਵਿੱਚ 84 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ) ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਉਹ ਸੋਨੇ ਦੇ ਤਗਮੇ ਤੋਂ ਥੋੜ੍ਹੀ ਦੂਰ ਰਹਿ ਗਈ, ਕਿਉਂਕਿ ਉੱਤਰੀ ਕੋਰੀਆ ਦੀ ਰੀ ਸੋਂਗ ਗਮ ਨੇ 213 ਕਿਲੋਗ੍ਰਾਮ ਚੁੱਕ ਕੇ ਸੋਨਾ ਜਿੱਤਿਆ। ਚੀਨ ਦੀ ਥਾਨਯਾਥਨ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਸਨੈਚ ਰਾਊਂਡ ਤੋਂ ਬਾਅਦ ਚੀਨੀ ਵੇਟਲਿਫਟਰ ਮੀਰਾਬਾਈ ਤੋਂ 4 ਕਿਲੋਗ੍ਰਾਮ ਅੱਗੇ ਸੀ, ਪਰ ਮੀਰਾਬਾਈ ਨੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ ਚੁੱਕ ਕੇ 1 ਕਿਲੋਗ੍ਰਾਮ ਦੀ ਬੜਤ ਨਾਲ ਚਾਂਦੀ ਦਾ ਤਗਮਾ ਪੱਕਾ ਕੀਤਾ।

ਸੱਟਾਂ ਦੇ ਬਾਵਜੂਦ ਅਜੇਤੂ ਪ੍ਰਦਰਸ਼ਨ

ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ ਚੁੱਕਣਾ ਮੀਰਾਬਾਈ ਲਈ ਵੱਡੀ ਪ੍ਰਾਪਤੀ ਸੀ, ਜੋ ਉਸਨੇ ਆਖਰੀ ਵਾਰ ਟੋਕੀਓ ਓਲੰਪਿਕ ਵਿੱਚ ਚਾਂਦੀ ਜਿੱਤਣ ਸਮੇਂ ਕੀਤਾ ਸੀ। ਪਿਛਲੇ ਚਾਰ ਸਾਲਾਂ ਵਿੱਚ ਸੱਟਾਂ ਅਤੇ ਸਰਜਰੀਆਂ ਦੇ ਬਾਵਜੂਦ, ਉਸਨੇ ਹਾਰ ਨਹੀਂ ਮੰਨੀ। 2022 ਵਿੱਚ ਵੀ ਉਸਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਜਿੱਤੀ ਸੀ। ਤਗਮਾ ਜਿੱਤਣ ਤੋਂ ਬਾਅਦ ਮੀਰਾਬਾਈ ਸਿੱਧੇ ਆਪਣੇ ਕੋਚ ਵਿਜੇ ਸ਼ਰਮਾ ਕੋਲ ਧੰਨਵਾਦ ਕਰਨ ਗਈ, ਜੋ ਉਸਦੀ ਮਿਹਨਤ, ਸਮਰਪਣ ਅਤੇ ਜਜ਼ਬੇ ਦਾ ਪ੍ਰਮਾਣ ਹੈ। ਇਹ ਵਾਪਸੀ ਭਵਿੱਖ ਦੇ ਮੁਕਾਬਲਿਆਂ ਲਈ ਇੱਕ ਸਕਾਰਾਤਮਕ ਸੰਕੇਤ ਹੈ।

Share This Article
Leave a Comment