ਦੇਹਰਾਦੂਨ: ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ (NHLML) ਨੇ ਮੰਗਲਵਾਰ ਨੂੰ ਉੱਤਰਾਖੰਡ ਸੈਰ-ਸਪਾਟਾ ਵਿਭਾਗ ਨਾਲ 6,800 ਕਰੋੜ ਰੁਪਏ ਦੇ ਦੋ ਰੋਪਵੇਅ ਪ੍ਰੋਜੈਕਟਾਂ ਦੇ ਵਿਕਾਸ ਲਈ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਟਿਡ, ਸੜਕ ਆਵਾਜਾਈ ਅਤੇ ਹਾਈਵੇਅ ਮੰਤਰਾਲੇ ਦੇ ਅਧੀਨ ਇੱਕ ਵਿਸ਼ੇਸ਼ ਉਦੇਸ਼ ਵਾਹਨ (SPV) ਹੈ।
ਇਨ੍ਹਾਂ ਰੋਪਵੇਅ ਵਿੱਚ 4,100 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਵਾਲਾ 12.9 ਕਿਲੋਮੀਟਰ ਲੰਬਾ ਸੋਨਪ੍ਰਯਾਗ-ਕੇਦਾਰਨਾਥ ਪ੍ਰੋਜੈਕਟ ਅਤੇ 2,700 ਕਰੋੜ ਰੁਪਏ ਦੀ ਲਾਗਤ ਵਾਲਾ 12.4 ਕਿਲੋਮੀਟਰ ਲੰਬਾ ਗੋਵਿੰਦਘਾਟ-ਹੇਮਕੁੰਡ ਸਾਹਿਬ ਪ੍ਰੋਜੈਕਟ ਸ਼ਾਮਿਲ ਹੈ। ਦੱਸ ਦੇਈਏ ਕਿ ਕੇਦਾਰਨਾਥ ਰੋਪਵੇਅ ਪ੍ਰੋਜੈਕਟ ਸ਼ਰਧਾਲੂਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ। ਇਸ ਵੇਲੇ, ਸ਼ਰਧਾਲੂਆਂ ਨੂੰ ਕੇਦਾਰਨਾਥ ਮੰਦਰ ਤੱਕ ਪਹੁੰਚਣ ਲਈ ਗੌਰੀਕੁੰਡ ਤੋਂ 16 ਕਿਲੋਮੀਟਰ ਦੀ ਬਹੁਤ ਚੁਣੌਤੀਪੂਰਨ ਯਾਤਰਾ ਕਰਨੀ ਪੈਂਦੀ ਹੈ। ਇਸ ਵੇਲੇ ਇਹ ਦੂਰੀ ਪੈਦਲ, ਪਾਲਕੀ ਅਤੇ ਹੈਲੀਕਾਪਟਰ ‘ਤੇ ਤੈਅ ਕਰਨੀ ਪੈਂਦੀ ਹੈ। ਰੋਪਵੇਅ ਬਣਨ ਤੋਂ ਬਾਅਦ, 8 ਤੋਂ 9 ਘੰਟਿਆਂ ਦਾ ਸਫ਼ਰ ਸਿਰਫ਼ 36 ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।ਹੇਮਕੁੰਡ ਸਾਹਿਬ ਰੋਪਵੇਅ 12.4 ਕਿਲੋਮੀਟਰ ਲੰਬਾ ਹੋਵੇਗਾ ਜੋ 21 ਕਿਲੋਮੀਟਰ ਦੀ ਯਾਤਰਾ ਨੂੰ ਆਸਾਨ ਬਣਾ ਦੇਵੇਗਾ। ਵਰਤਮਾਨ ਵਿੱਚ, ਸ਼ਰਧਾਲੂਆਂ ਨੂੰ ਗੋਵਿੰਦਘਾਟ ਤੋਂ ਹੇਮਕੁੰਡ ਸਾਹਿਬ ਤੱਕ 21 ਕਿਲੋਮੀਟਰ ਦੀ ਮੁਸ਼ਕਲ ਦੂਰੀ ਤੈਅ ਕਰਨੀ ਪੈਂਦੀ ਹੈ।
ਇਸ ਸਮਝੌਤੇ ‘ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਅਜੈ ਟਮਟਾ ਅਤੇ ਸੈਰ-ਸਪਾਟਾ, ਧਾਰਮਿਕ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸਤਪਾਲ ਮਹਾਰਾਜ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ ਹਨ। ਧਾਮੀ ਨੇ ਕਿਹਾ ਕਿ ਇਹ ਸਮਝੌਤਾ ਸੂਬੇ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦੇਵੇਗਾ ਅਤੇ ਸੈਰ-ਸਪਾਟਾ, ਰੁਜ਼ਗਾਰ ਪੈਦਾ ਕਰਨ ਅਤੇ ਵਾਤਾਵਰਣ ਸੁਰੱਖਿਆ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ।