ਪਾਕਿਸਤਾਨ ਦੇ ਪੰਜਾਬ ’ਚ ਹੜ੍ਹ ਦੀ ਤਬਾਹੀ, 2,300 ਤੋਂ ਵੱਧ ਪਿੰਡ ਡੁੱਬੇ, ਕਈ ਮੌਤਾਂ

Global Team
3 Min Read

ਨਿਊਜ਼ ਡੈਸਕ: ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਵੀ ਤਬਾਹੀ ਮਚਾਈ ਹੋਈ ਹੈ। ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਚਾਅ ਅਧਿਕਾਰੀਆਂ ਮੁਤਾਬਕ, ਚਨਾਬ, ਰਾਵੀ ਅਤੇ ਸਤਲੁਜ ਨਦੀਆਂ ਵਿੱਚ ਆਏ ਹੜ੍ਹ ਕਾਰਨ ਲਗਭਗ 5 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਲਗਾਤਾਰ ਬਚਾਅ ਮੁਹਿੰਮ ਚਲਾ ਰਹੇ ਹਨ।

ਪੰਜਾਬ ਵਿੱਚ ਹੜ੍ਹ ਦੀ ਸਥਿਤੀ

ਪੰਜਾਬ ਆਫਤ ਪ੍ਰਬੰਧਨ ਅਥਾਰਟੀ (PDMA) ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ 26 ਜੂਨ ਤੋਂ ਹੁਣ ਤੱਕ ਮਾਨਸੂਨ ਦੌਰਾਨ 835 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 195 ਮੌਤਾਂ ਸਿਰਫ ਪੰਜਾਬ ਸੂਬੇ ਵਿੱਚ ਹੋਈਆਂ ਹਨ।

ਤਿੰਨੋਂ ਨਦੀਆਂ ਦਾ ਪਾਣੀ ਉਫਾਨ ’ਤੇ

ਭਾਰਤ ਦੀ ਸਰਹੱਦ ਨਾਲ ਲੱਗਦੇ ਪੰਜਾਬ ਸੂਬੇ ਵਿੱਚੋਂ ਲੰਘਣ ਵਾਲੀਆਂ ਤਿੰਨ ਨਦੀਆਂ ਚਨਾਬ, ਰਾਵੀ ਅਤੇ ਸਤਲੁਜ ਦਾ ਪਾਣੀ ਅਤਿ ਉੱਚ ਪੱਧਰ ’ਤੇ ਪਹੁੰਚ ਗਿਆ ਹੈ। ਇਸ ਕਾਰਨ ਨਦੀਆਂ ਦੇ ਨੇੜੇ ਸਥਿਤ 2,300 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਨਦੀਆਂ ਦੇ ਵਧਦੇ ਪਾਣੀ ਨੂੰ ਮੋੜਨ ਲਈ ਕੋਸ਼ਿਸ਼ਾ ਸ਼ੁਰੂ ਕਰ ਦਿੱਤੀਆਂ ਹਨ। ਸਥਾਨਕ ਮੀਡੀਆ ਮੁਤਾਬਕ, ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਇਆ ਹੈ ਕਿ ਇਹ ਤਿੰਨੋਂ ਮੁੱਖ ਨਦੀਆਂ ਇਕੱਠੀਆਂ ਉਫਾਨ ’ਤੇ ਹਨ।

ਪੰਜਾਬ ਸਰਕਾਰ ਦੀ ਰਾਹਤ ਸੇਵਾਵਾਂ ਦੇ ਮੁਖੀ ਨਬੀਲ ਜਾਵੇਦ ਨੇ ਦੱਸਿਆ ਕਿ ਇਸ ਭਿਆਨਕ ਹੜ੍ਹ ਵਿੱਚ ਫਸੇ 4,80,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਨਾਲ ਹੀ, ਲਗਭਗ 4 ਲੱਖ ਜਾਨਵਰਾਂ ਨੂੰ ਵੀ ਸੁਰੱਖਿਅਤ ਕੱਢਿਆ ਗਿਆ ਹੈ। ਅਧਿਕਾਰੀਆਂ ਮੁਤਾਬਕ, ਇਸ ਹੜ੍ਹ ਨੇ 1.5 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ ਦੀ ਆਫਤ ਪ੍ਰਬੰਧਨ ਏਜੰਸੀ ਦੇ ਮੁਖੀ ਇਰਫਾਨ ਅਲੀ ਖਾਨ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਚਾਅ ਅਭਿਆਨ ਹੈ।

ਖਾਨ ਨੇ ਦੱਸਿਆ ਕਿ 800 ਤੋਂ ਵੱਧ ਨਾਵਾਂ ਅਤੇ 1,300 ਬਚਾਅਕਰਮੀ ਪ੍ਰਭਾਵਿਤ ਇਲਾਕਿਆਂ ਤੋਂ ਪਰਿਵਾਰਾਂ ਨੂੰ ਕੱਢਣ ਵਿੱਚ ਲੱਗੇ ਹੋਏ ਹਨ। ਇਹ ਜ਼ਿਆਦਾਤਰ ਲੋਕ ਇਨ੍ਹਾਂ ਤਿੰਨ ਨਦੀਆਂ ਦੇ ਕੰਢਿਆਂ ’ਤੇ ਵਸੇ ਹੋਏ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਮਨੁੱਖੀ ਜਾਨ ਨੂੰ ਅਣਗੌਲਿਆ ਨਹੀਂ ਕੀਤਾ ਜਾਵੇਗਾ। ਇਸ ਹਫਤੇ ਦੀ ਸ਼ੁਰੂਆਤ ਤੋਂ ਹੁਣ ਤੱਕ ਮਾਨਸੂਨੀ ਹੜ੍ਹ ਵਿੱਚ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

Share This Article
Leave a Comment