ਹੁਸ਼ਿਆਰਪੁਰ: ਸ਼ੁੱਕਰਵਾਰ ਰਾਤ ਨੂੰ ਇੱਕ ਸਬਜ਼ੀਆਂ ਨਾਲ ਭਰੇ ਪਿਕਅੱਪ ਟਰੱਕ ਦੀ ਟੱਕਰ ਕਾਰਨ ਇੱਕ LPG ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਤੋਂ ਬਾਅਦ ਟੈਂਕਰ ਵਿੱਚ ਅੱਗ ਲੱਗ ਗਈ। ਗੈਸ ਦੇ ਰਿਸਾਅ ਕਾਰਨ ਅੱਗ ਨੇ ਆਸ-ਪਾਸ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ 15 ਦੁਕਾਨਾਂ ਅਤੇ 4 ਘਰ ਸੜ ਕੇ ਸੁਆਹ ਹੋ ਗਏ।
ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ 11:15 ਵਜੇ ਮੰਡਿਆਲਾ ਪਿੰਡ ਨੇੜੇ ਵਾਪਰਿਆ। 3 ਤੋਂ 4 ਲੋਕਾਂ ਦੀ ਮੌਤ ਦੀ ਖਬਰ ਹੈ, ਜਦਕਿ ਲਗਭਗ 30 ਲੋਕ ਝੁਲਸ ਗਏ ਹਨ। ਜ਼ਖਮੀਆਂ ਨੂੰ ਹੋਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਲੋਕ 30% ਤੋਂ 80% ਤੱਕ ਝੁਲਸ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ FIR ਦਰਜ ਕਰ ਲਈ ਗਈ ਹੈ ਅਤੇ ਲੋਕਾਂ ਦੇ ਇਲਜ਼ਾਮ ਕਿ ਗੈਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਰਿਆ ਜਾ ਰਿਹਾ ਸੀ, ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੜਕ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ। ਹਾਦਸੇ ਤੋਂ ਬਾਅਦ ਹੁਸ਼ਿਆਰਪੁਰ-ਜਲੰਧਰ ਨੈਸ਼ਨਲ ਹਾਈਵੇਅ ਬੰਦ ਹੈ। ਮੁਆਵਜ਼ੇ ਅਤੇ ਮਾਮਲੇ ਦੀ ਜਾਂਚ ਨੂੰ ਲੈ ਕੇ ਲੋਕ ਧਰਨੇ ’ਤੇ ਬੈਠ ਗਏ ਹਨ।
ਪਿਕਅੱਪ ਸਿੱਧਾ LPG ਟੈਂਕਰ ਦੇ ਨੋਜ਼ਲਾਂ ਨਾਲ ਜਾ ਟਕਰਾਇਆ, ਜਿਸ ਨਾਲ ਗੈਸ ਰੋਕਣ ਵਾਲੀਆਂ ਨੋਜ਼ਲਾਂ ਖਰਾਬ ਹੋ ਗਈਆਂ। ਇਸ ਕਾਰਨ ਗੈਸ ਦਾ ਰਿਸਾਅ ਹੋਇਆ ਅਤੇ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਪਿਕਅੱਪ ਵੀ ਬੁਰੀ ਤਰ੍ਹਾਂ ਸੜ ਗਿਆ।
ਬੰਬ ਫਟਣ ਵਰਗਾ ਧਮਾਕਾ
ਝੁਲਸੇ ਹੋਏ ਗੁਰਮੁਖ ਸਿੰਘ ਨੇ ਦੱਸਿਆ ਕਿ ਟੈਂਕਰ ਦੇ ਪਲਟਦਿਆਂ ਹੀ ਇੰਨਾ ਜ਼ੋਰਦਾਰ ਧਮਾਕਾ ਹੋਇਆ ਜਿਵੇਂ ਬੰਬ ਫਟਿਆ ਹੋਵੇ। ਟੈਂਕਰ ’ਚੋਂ ਗੈਸ ਤੇਜ਼ੀ ਨਾਲ ਬਾਹਰ ਨਿਕਲਣ ਲੱਗੀ ਅਤੇ ਲੋਕ ਕੁਝ ਸਮਝ ਪਾਉਣ ਤੋਂ ਪਹਿਲਾਂ ਹੀ ਅੱਗ ਭੜਕ ਉੱਠੀ। ਅੱਗ ਇੰਨੀ ਤੇਜ਼ ਸੀ ਕਿ ਚੰਦ ਸਕਿੰਟਾਂ ਵਿੱਚ ਆਸ-ਪਾਸ ਦੇ ਘਰ ਅਤੇ ਦੁਕਾਨਾਂ ਨੂੰ ਲਪੇਟ ਵਿੱਚ ਲੈ ਲਿਆ। ਮੇਰੇ ਪਰਿਵਾਰ ਦੇ 6 ਜੀਅ ਝੁਲਸ ਗਏ।
ਹੋਸ਼ਿਆਰਪੁਰ ਸਿਵਲ ਹਸਪਤਾਲ ਵਿੱਚ ਦਾਖਲ ਗੁਰਬਖਸ਼ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦੇ ਨਾਲ-ਨਾਲ ਉਸ ਦੀ ਪਤਨੀ, ਪੁੱਤਰ, ਧੀ, ਨੂੰਹ ਅਤੇ ਪੋਤਾ ਵੀ ਝੁਲਸ ਗਏ। ਮੰਡਿਆਲਾ ਪਿੰਡ ਦੇ ਆਸ-ਪਾਸ LPG ਗੈਸ ਦੀ ਕਾਲਾਬਾਜ਼ਾਰੀ ਹੁੰਦੀ ਹੈ। ਇਹ ਟੈਂਕਰ ਵੀ ਇਸੇ ਕੰਮ ਲਈ ਆਇਆ ਸੀ। ਉਸੇ ਸਮੇਂ ਇੱਕ ਮਿੰਨੀ ਟਰੱਕ ਨੇ ਇਸ ਨਾਲ ਟੱਕਰ ਮਾਰ ਦਿੱਤੀ।