24 ਘੰਟਿਆਂ ਵਿਚ ਪ੍ਰੋ. ਭੁੱਲਰ ਦੀ ਰਿਹਾਈ ਦਾ ਹੁਕਮ ਦੇਵੇ ਕੇਜਰੀਵਾਲ ਸਰਕਾਰ ਨਹੀਂ ਤਾਂ ਸਾਰਾ ਰਿਕਾਰਡ ਜਨਤਕ ਕਰੇ: ਅਕਾਲੀ ਦਲ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਰਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਝੁਠ ਬੋਲ ਕੇ ਪੰਜਾਬੀਆਂ ਨੁੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਸਰਕਾਰ ਨੇ ਪ੍ਰੋ. ਭੁੱਲਰ ਦੀ ਰਿਹਾਈ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਸ੍ਰੀ ਹਰਚਰਨ ਬੈਂਸ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜਿਹਨਾਂ ਦੀ ਸਿਹਤ ਬੇਹੱਦ ਨਾਜ਼ੁਕ ਦੌਰ ਵਿਚ ਹੈ ਤੇ ਉਹਨਾਂ ਨੂੰ ਚੱਲਣ ਫਿਰਨ ਵਾਸਤੇ ਵੀ ਸਹਾਰੇ ਦੀ ਜ਼ਰੂਰਤ ਪੈਂਦੀ ਹੈ, ਦੀ ਰਿਹਾਈ ਦਾ ਕੇਜਰੀਵਾਲ ਸਰਕਾਰ ਨੇ ਵਿਰੋਧ ਕੀਤਾ ਹੈ ਤੇ ਉਹਨਾਂ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ ਦੀ ਅਗਵਾਈ ਹੇਠ ਬਣੀ ਕਮੇਟੀ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਦਾ ਇਹ ਕਹਿ ਕੇ ਵਿਰੋਧ ਕੀਤਾ ਹੈ ਕਿ ਪ੍ਰੋ. ਭੁੱਲਰ ਦੀ ਰਿਹਾਈ ਪੰਜਾਬ ਤੇ ਦੇਸ਼ ਦੀ ਅਮਨ ਸ਼ਾਂਤੀ ਲਈ ਖ਼ਤਰਾ ਹੈ ਤੇ ਜੇਕਰ ਇਹਨਾਂ ਨੁੰ ਰਿਹਾਅ ਕੀਤਾ ਤਾਂ ਦੇਸ਼ ਦੀ ਅਮਨ ਸ਼ਾਂਤੀ ਨੁੰ ਲਾਂਬੂ ਲੱਗ ਸਕਦਾ ਹੈ।

ਸ੍ਰੀ ਬੈਂਸ ਨੇ ਕਿਹਾ ਕਿ ਇਸ ਕਮੇਟੀ ਨੇ ਕੁੱਲ 7 ਬੰਦੀਆਂ ਬਾਰੇ ਫੈਸਲਾ ਲਿਆ ਹੈ ਜਿਸ ਵਿਚੋਂ 6 ਕੈਦੀਆਂ ਬਾਰੇ ਫੈਸਲਾ ਉਹਨਾਂ ਦੀ ਸਬੰਧਤ ਰਾਜ ਸਕਰਾਰ ’ਤੇ ਛੱਡ ਦਿੱਤਾ ਤੇ ਅੱਗੋਂ ਇਹਨਾਂ ਸਰਕਾਰਾਂ ਨੇ ਆਪੋ ਆਪਣੇ ਰਾਜ ਦੇ ਕੈਦੀ ਰਿਹਾਅ ਕਰਨ ਦਾ ਫੈਸਲਾ ਲਿਆ ਜਦੋਂ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਸਤੇਂਦਰ ਜੈਨ ਦੀ ਅਗਵਾਈ ਵਾਲੀ ਕਮੇਟੀ ਨੇ ਪੁਰਜ਼ੋਰ ਵਿਰੋਧ ਕੀਤਾ ਤੇ ਉਹਨਾਂ ਦੀ ਰਿਹਾਈ ਨੁੰ ਦੇਸ਼ ਲਈ ਖ਼ਤਰਾ ਦੱਸਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਕ ਵਿਅਕਤੀ ਜਿਸਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਉਸ ਬਾਰੇ ਕੇਜਰੀਵਾਲ ਸਰਕਾਰ ਇਹ ਰਵੱਈਆ ਅਪਣਾ ਰਹੀ ਹੈ।

ਸ੍ਰੀ ਬੈਂਸ ਨੇ ਸ੍ਰੀ ਕੇਜਰੀਵਾਲ ਨੁੰ ਚੁਣੌਤੀ ਦਿੱਤੀ ਕਿ ਜਾਂ ਤਾਂ ਉਹ 24 ਘੰਟਿਆਂ ਦੇ ਅੰਦਰ ਅੰਦਰ ਪ੍ਰੋ. ਭੁੱਲਰ ਦੀ ਰਿਹਾਈ ਦਾ ਫੈਸਲਾ ਲੈਣ ਨਹੀਂ ਤਾਂ ਪ੍ਰੋ. ਭੁੱਲਰ ਦੇ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕਰਕੇ ਵਿਖਾਉਣ ਜਿਸ ਤੋਂ ਉਹਨਾਂ ਦੀ ਅਸਲੀਅਤ ਜੱਗ ਜ਼ਾਹਰ ਹੋ ਜਾਣਗੇ।

- Advertisement -

ਕੇਜਰੀਵਾਲ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਦਿੱਲੀ ਵਿਚ ਤਬਾਹ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ  ਹਰ ਸਾਲ 500 ਸਕੂਲ ਖੋਲ੍ਹਣ ਦਾ ਵਾਅਦਾ ਕੀਤਾ ਸੀ ਜਦੋਂ ਕਿ 4 ਸਾਲਾਂ ਵਿਚ ਸਿਫਰ 19 ਸਕੂਲ ਕੌਮੀ ਰਾਜਧਾਨੀ ਵਿਚ ਬਣਾਏ ਹਨ।  ਉਹਨਾਂ ਕਿਹਾ ਕਿ ਜਦੋਂ ਕੇਜਰੀਵਾਲ ਸਰਕਾਰ ਦੀ ਪੋਲ ਖੁਲ੍ਹ ਗਈ ਤਾਂ ਇਸਨੇ 20 ਹਜ਼ਾਰ ਕਲਾਸ ਰੂਮ ਬਣਾਉਣ ਦਾ ਐਲਾਨ ਕਰ ਦਿੱਤਾ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕੇਜਰੀਵਾਲ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰੀ ਸਕੂਲਾਂ ਵਿਚ ਨਵੇਂ ਵਿਦਿਆਰਥੀਆਂ ਦੀ ਦਾਖਲਾ ਦਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਤੇ 113 ਦੀ ਕੌਮੀ ਔਸਤ ਦੇ ਮੁਕਾਬਲੇ ਦਿੱਲੀ ਦੇ ਸਕੂਲਾਂ ਵਿਚ ਭਰਤੀ ਦਰ ਸਿਰਫ 69 ਰਹਿ ਗਈ।

ਸ੍ਰੀ ਬੈਂਸ ਨੇ ਸਕੂਲਾਂ ਵਿਚ ਅਧਿਆਪਕਾਂ ਦੀ ਭਰਤੀ ਸਮੇਤ ਸਿੱਖਿਆ ਖੇਤਰ ਵਿਚ ਹੋਏ ਹੋਰ ਨੁਕਸਾਨ ਦੇ ਅੰਕੜੇ ਵੀ ਜਨਤਕ ਕੀਤੇ ਤੇ ਸਿੱਧ ਕੀਤਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਸਿੱਖਿਆ ਖੇਤਰ ਦਾ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਕੇਜਰੀਵਾਲ ਸਰਕਾਰ ਦਿੱਲੀ ਵਿਚ ਫੇਲ੍ਹ ਸਾਬਤ ਹੋਈ ਹੈ ਤਾਂ ਫਿਰ ਇਹ ਕਿਹੜਾ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕਰਨ ਦੀ ਗੱਲ ਕਰ ਰਹੀ ਹੈ ? ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੇਜਰੀਵਾਲ ਹੁਣ ਬੇਨਕਾਬ ਹੋ ਗਏ ਹਨ ਤੇ ਪੰਜਾਬੀ ਉਹਨਾਂ ਦੇ ਲਾਅਰਿਆਂ ਵਿਚ ਨਹੀਂ ਆਉਣ ਵਾਲੇ। ਇਸ ਲਈ ਮੌਜੂਦਾ ਚੋਣਾਂ ਵਿਚ ਆਪ ਦਾ ਸਫਾਇਆ ਤੈਅ ਹੈ।

 

Share this Article
Leave a comment