ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਸਦਨ ਵਿੱਚ ਇੱਕ ਵੱਡੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਦੇ ਹਰ ਨਾਗਰਿਕ ਨੂੰ ਚੈਟਜੀਪੀਟੀ, ਜੈਮਿਨੀ, ਕਲਾਉਡ ਅਤੇ ਹੋਰ ਉੱਨਤ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਏਆਈ ਟੂਲਸ ਦੀ ਮੁਫਤ ਗਾਹਕੀ ਉਪਲਬਧ ਕਰਵਾਈ ਜਾਵੇ।
ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਵਿੱਚ ਬੋਲਦਿਆਂ, ਸੰਸਦ ਮੈਂਬਰ ਰਾਘਵ ਚੱਢਾ ਨੇ ਸੰਯੁਕਤ ਅਰਬ ਅਮੀਰਾਤ (ਯੂਏਈ), ਸਿੰਗਾਪੁਰ ਅਤੇ ਚੀਨ ਵਰਗੇ ਦੇਸ਼ਾਂ ਦੀ ਉਦਾਹਰਣ ਵੀ ਦਿੱਤੀ। ਉਨ੍ਹਾਂ ਸਦਨ ਨੂੰ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ ਅਤੇ ਚੀਨ ਵਰਗੇ ਦੇਸ਼ ਨਾਗਰਿਕਾਂ ਨੂੰ ਮੁਫ਼ਤ ਗਾਹਕੀ ਪ੍ਰਦਾਨ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸਦਨ ਵਿੱਚ ਕਿਹਾ ਕਿ ਏਆਈ ਸਿਰਫ਼ ਇੱਕ ਤਕਨਾਲੋਜੀ ਨਹੀਂ ਹੈ। ਸਗੋਂ ਇਹ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦਾ ਇੱਕ ਮੌਕਾ ਵੀ ਹੈ। ਏਆਈ ਸਾਡੇ ਕਿਸਾਨਾਂ, ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਬਜ਼ੁਰਗਾਂ ਲਈ ਲਾਭਦਾਇਕ ਹੈ। AI ਭਾਰਤ ਨੂੰ ਆਪਣੀ ਉਤਪਾਦਕਤਾ ਵਧਾਉਣ ਅਤੇ ਕੀਮਤੀ ਸਮਾਂ ਬਚਾਉਣ ਵਿੱਚ ਮਦਦ ਕਰੇਗਾ।