ਅਦਾਲਤ ਵੱਲੋਂ ਮੁੜ ਕਰਵਾਈ ਗਿਣਤੀ ’ਚ ਫ਼ਿਰ ਜਿੱਤੇ ਭੁਪਿੰਦਰ ਸਿੰਘ ਭੁੱਲਰ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਵਾਰਡ ਨੰਬਰ 46 ਪ੍ਰੀਤ ਵਿਹਾਰ ਦੀਆਂ ਵੋਟਾਂ ਦੀ ਮੁੜ ਗਿਣਤੀ ਦੇ ਅਦਾਲਤ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਫਿਰ ਤੋਂ ਕੀਤੀ ਗਈ ਗਿਣਤੀ ‘ਚ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਫਿਰ ਤੋਂ ਜੇਤੂ ਰਹੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅਦਾਲਤ ਨੇ ਇਸ ਵਾਰਡ ਦੀਆਂ ਵੋਟਾਂ ਦੀ ਮੁੜ ਤੋਂ ਗਿਣਤੀ ਦੇ ਹੁਕਮ ਦਿੱਤੇ ਸਨ ਤੇ ਮੁੜ ਗਿਣਤੀ ਵਿਚ ਫਿਰ ਤੋਂ ਸਾਡੇ ਉਮੀਦਵਾਰ ਭੁਪਿੰਦਰ ਸਿੰਘ ਭੁੱਲਰ ਜੇਤੂ ਰਹੇ ਹਨ।

ਉਹਨਾਂ ਕਿਹਾ ਕਿ ਭੁਪਿੰਦਰ ਸਿੰਘ ਭੁੱਲਰ ਪਹਿਲਾਂ ਵੀ ਜੇਤੂ ਸਨ ਪਰ ਵਿਰੋਧੀ ਧਿਰ ਨੇ ਜਾਣ ਬੁੱਝ ਕੇ ਕੂੜ ਪ੍ਰਚਾਰ ਕੀਤਾ ਤੇ ਅਦਾਲਤਾਂ ਦੇ ਸਹਾਰੇ ਜਿੱਤਣ ਦਾ ਯਤਨ ਕੀਤਾ ਪਰ ਗੁਰਬਾਣੀ ਵਿਚ ਅੰਕਿਤ ਹੈ ਕਿ ਓੜਕ ਜਿੱਤ ਸੱਚ ਦੀ ਹੀ ਹੋਣੀ ਹੈ ਤੇ ਹੋਈ ਹੈ।

ਸਿਰਸਾ ਨੇ ਕਿਹਾ ਕਿ ਇਹ ਜਿੱਤ ਦਿੱਲੀ ਦੀਆਂ ਸੰਗਤਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਸੰਗਤ ਨੇ ਅਕਾਲੀ ਦਲ ਨੂੰ ਬਹੁਤ ਵੱਡਾ ਫਤਵਾ ਦਿੱਤਾ ਪਰ ਸਾਡੇ ਵਿਰੋਧੀਆਂ ਵੱਲੋਂ ਅਦਾਲਤਾਂ ਰਾਹੀਂ ਸਾਨੂੰ ਹਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਹਾਲਾਂਕਿ ਅਕਾਲੀ ਦਲ ਨੂੰ 30 ਸੀਟਾਂ ਮਿਲੀਆਂ ਹਨ।

- Advertisement -

ਉਹਨਾਂ ਕਿਹਾ ਕਿ ਦੇਸ਼ ਤੇ ਦੁਨੀਆਂ ਦੇ ਸਿੱਖ ਆਪ ਮਹਿਸੂਸ ਕਰ ਰਹੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰ ਰਹੇ ਹਨ ਤੇ ਅਦਾਲਤਾਂ ਵਿਚ ਵੀ ਪੰਥ ਵਿਰੋਧੀ ਬੇਈਮਾਨ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਉਹ ਸੰਗਤ ਦੇ ਧੰਨਵਾਦੀ ਹਨ । ਉਹਨਾਂ ਵਿਰੋਧੀਆਂ ਨੂੰ ਫਿਰ ਸਲਾਹ ਦਿੱਤੀ ਕਿ ਗੁਰੂ ਸਾਹਿਬ ਦੀ ਰਜ਼ਾ ਵਿਚ ਰਹਿਣਾ ਸਿੱਖੋ ਤੇ ਸੰਗਤ ਤੇ ਫੈਸਲੇ ਦਾ ਸਤਿਕਾਰ ਕਰਨਾ ਸਿੱਖੋ। ਉਹਨਾਂ ਕਿਹਾ ਕਿ ਵਿਰੋਧੀ ਭਾਵੇਂ ਜਿੰਨਾ ਮਰਜ਼ੀ ਅਦਾਲਤਾਂ ਦਾ ਸਹਾਰਾ ਲੈ ਲੈਣ ਜਦੋਂ ਤੱਕ ਗੁਰੂ ਸਾਹਿਬ ਦੀ ਕਿਰਪਾ ਸਾਡੇ ‘ਤੇ ਹੈ, ਵਿਰੋਧੀ ਸਾਡਾ ਕੁਝ ਨਹੀਂ ਵਿਗਾੜ ਸਕਦੇ।

ਮੁੜ ਗਿਣਤੀ ਵਿਚ ਜੇਤੂ ਰਹਿਣ ਮਗਰੋਂ ਭੁਪਿੰਦਰ ਸਿੰਘ ਭੁੱਲਰ ਨੇ ਸਿਰਸਾ ਤੇ ਕਾਲਕਾ ਤੇ ਹੋਰ ਸਾਥੀਆਂ ਦੇ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।

Share this Article
Leave a comment