ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਰੂਸ-ਯੂਕਰੇਨ ਜੰਗ ਜਾਰੀ ਰਹੇਗੀ ਜਾਂ ਸ਼ਾਂਤੀ ਸਥਾਪਤ ਹੋਵੇਗੀ, ਇਸ ਦਾ ਫੈਸਲਾ ਅਗਲੇ ਇੱਕ ਤੋਂ ਦੋ ਹਫਤਿਆਂ ’ਚ ਹੋ ਸਕਦਾ ਹੈ। ਟਰੰਪ ਨੇ ਕਿਹਾ ਕਿ ਇਸ ਮੁਲਾਕਾਤ ਤੋਂ ਬਾਅਦ ਅਸੀਂ ਇੱਕ ਹੋਰ ਮੀਟਿੰਗ ਕਰਾਂਗੇ ਅਤੇ ਫਿਰ ਫੈਸਲਾ ਲਵਾਂਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੇਰੀ ਪਹਿਲੀ ਤਰਜੀਹ ਲੋਕਾਂ ਦੀ ਜਾਨ ਬਚਾਉਣਾ ਹੈ। ਉਮੀਦ ਹੈ ਕਿ ਇਸ ਮੀਟਿੰਗ ਤੋਂ ਕੁਝ ਸਕਾਰਾਤਮਕ ਨਤੀਜੇ ਨਿਕਲਣਗੇ।
ਅਮਰੀਕੀ ਰਾਸ਼ਟਰਪਤੀ ਨੇ ਅੱਗੇ ਕਿਹਾ, “ਮੈਂ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਸਿੱਧੇ ਤੌਰ ’ਤੇ ਗੱਲ ਕੀਤੀ ਹੈ ਅਤੇ ਇਸ ਮੁਲਾਕਾਤ ਤੋਂ ਬਾਅਦ ਵੀ ਮੈਂ ਉਨ੍ਹਾਂ ਨਾਲ ਫੋਨ ’ਤੇ ਗੱਲ ਕਰਾਂਗਾ। ਅਸੀਂ ਇੱਕ ਤਿਕੋਣੀ ਮੀਟਿੰਗ (ਟਰੰਪ, ਜ਼ੇਲੇਂਸਕੀ, ਪੁਤਿਨ) ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੋ ਸਕਦਾ ਹੈ ਕਿ ਤਿਕੋਣੀ ਮੀਟਿੰਗ ਹੋਵੇ ਜਾਂ ਨਾ ਵੀ ਹੋਵੇ। ਜੇਕਰ ਇਹ ਨਾ ਹੋਈ, ਤਾਂ ਜੰਗ ਜਾਰੀ ਰਹਿ ਸਕਦੀ ਹੈ, ਪਰ ਜੇਕਰ ਹੋਈ ਤਾਂ ਜੰਗ ਖਤਮ ਹੋਣ ਦੀ ਵਧੀਆ ਸੰਭਾਵਨਾ ਹੈ।”
ਟਰੰਪ ਨੇ ਕਿਹਾ, “ਮੈਂ ਇਸ ਜੰਗ ਨੂੰ ਰੋਕਣਾ ਚਾਹੁੰਦਾ ਹਾਂ। ਅਸੀਂ ਲੰਬੇ ਸਮੇਂ ਦੇ ਸ਼ਾਂਤੀ ਸਮਝੌਤੇ ’ਤੇ ਗੱਲਬਾਤ ਕਰ ਰਹੇ ਹਾਂ। ਯੂਰਪ ਦੇ ਲੋਕ ਸ਼ਾਂਤੀ ਚਾਹੁੰਦੇ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਮੀਟਿੰਗ ਸਫਲ ਨਾ ਵੀ ਹੋਈ, ਤਾਂ ਵੀ ਅਮਰੀਕਾ ਯੂਕਰੇਨ ਨੂੰ ਸਮਰਥਨ ਜਾਰੀ ਰੱਖੇਗਾ।
ਸ਼ਾਂਤੀ ਸੰਧੀ ਦੀ ਅਹਿਮੀਅਤ
ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਜੰਗ ਖਤਮ ਕਰਨ ਲਈ ਜੰਗਬੰਦੀ (ਸੀਜਫਾਇਰ) ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ, “ਸੀਜਫਾਇਰ ਸਿਰਫ਼ ਅਸਥਾਈ ਹੱਲ ਹੈ, ਸ਼ਾਂਤੀ ਸੰਧੀ ਜ਼ਿਆਦਾ ਮਹੱਤਵਪੂਰਨ ਹੈ। ਮੈਨੂੰ ਨਹੀਂ ਲੱਗਦਾ ਕਿ ਸੀਜਫਾਇਰ ਹੋਵੇਗਾ।” ਟਰੰਪ ਨੇ ਰੂਸ-ਯੂਕਰੇਨ ਜੰਗ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ, “ਇਸ ਜੰਗ ਦੇ ਜ਼ਿੰਮੇਵਾਰ ਬਾਇਡਨ ਹਨ। ਜੇਕਰ ਮੈਂ ਰਾਸ਼ਟਰਪਤੀ ਹੁੰਦਾ, ਤਾਂ ਇਹ ਜੰਗ ਸ਼ੁਰੂ ਹੀ ਨਾ ਹੁੰਦੀ।”
ਯੂਕਰੇਨ ਨੂੰ ਸੁਰੱਖਿਆ ਦੀ ਗਾਰੰਟੀ
ਟਰੰਪ ਨੇ ਕਿਹਾ, “ਅਸੀਂ ਯੂਕਰੇਨ ਨੂੰ ਸੁਰੱਖਿਆ ਪ੍ਰਦਾਨ ਕਰਾਂਗੇ। ਪੁਤਿਨ ਨਹੀਂ ਚਾਹੁੰਦੇ ਕਿ ਯੂਕਰੇਨ ਕਦੇ ਨਾਟੋ ’ਚ ਸ਼ਾਮਲ ਹੋਵੇ। ਹਾਲਾਂਕਿ, ਅਸੀਂ ਅਜੇ ਇਸ ਮੁੱਦੇ ’ਤੇ ਕੋਈ ਚਰਚਾ ਨਹੀਂ ਕੀਤੀ। ਅਸੀਂ ਇਸ ’ਤੇ ਵਿਚਾਰ ਕਰਾਂਗੇ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਨਾਟੋ ਨੂੰ ਹਥਿਆਰ ਵੇਚਾਂਗੇ ਅਤੇ ਨਾਟੋ ਚਾਹੇ ਤਾਂ ਇਹ ਹਥਿਆਰ ਯੂਕਰੇਨ ਨੂੰ ਦੇ ਸਕਦਾ ਹੈ। ਅਸੀਂ ਯੂਰਪ ਦੀ ਜੰਗ ’ਚ ਮਦਦ ਕਰਾਂਗੇ।”
ਜ਼ੇਲੇਂਸਕੀ ਦੀ ਪ੍ਰਤੀਕਿਰਿਆ
ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਟਰੰਪ ਨਾਲ ਮੁਲਾਕਾਤ ’ਤੇ ਕਿਹਾ, “ਸਾਡੀ ਬਹੁਤ ਵਧੀਆ ਗੱਲਬਾਤ ਹੋਈ। ਸ਼ਾਇਦ ਭਵਿੱਖ ’ਚ ਇਸ ਤੋਂ ਵੀ ਵਧੀਆ ਗੱਲਬਾਤ ਹੋਵੇ।” ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਟਰੰਪ ਨਾਲ ਤਿਕੋਣੀ ਮੀਟਿੰਗ ਕਰਕੇ ਖੁਸ਼ ਹੋਵੇਗਾ। ਉਨ੍ਹਾਂ ਨੇ ਕਿਹਾ, “ਅਸੀਂ ਸੁਰੱਖਿਆ ਗਾਰੰਟੀਆਂ ’ਤੇ ਹੋਰ ਗੱਲਬਾਤ ਕਰਾਂਗੇ। ਇਹ ਬਹੁਤ ਮਹੱਤਵਪੂਰਨ ਹੈ ਕਿ ਅਮਰੀਕਾ ਇੰਨਾ ਮਜ਼ਬੂਤ ਸੰਕੇਤ ਦੇਵੇ ਅਤੇ ਰੂਸ ਸੁਰੱਖਿਆ ਗਾਰੰਟੀਆਂ ਲਈ ਤਿਆਰ ਹੋਵੇ।” ਜ਼ੇਲੇਂਸਕੀ ਨੇ ਜ਼ੋਰ ਦੇ ਕੇ ਕਿਹਾ ਕਿ ਯੂਕਰੇਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਮਰੀਕਾ ਅਤੇ ਯੂਰਪੀ ਦੇਸ਼ਾਂ ’ਤੇ ਹੈ।