ਨਿਊਜ਼ ਡੈਸਕ: ਯੂਕੇ ਸਥਿਤ ਵੁਲਵਰਹੈਂਪਟਨ ‘ਚ ਦੋ ਬਜ਼ੁਰਗ ਸਿੱਖਾਂ ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਵੁਲਵਰਹੈਂਪਟਨ ਤੋਂ ਵਾਇਰਲ ਹੋਈ ਇੱਕ ਵੀਡੀਓ ’ਚ ਦੋ ਬਜ਼ੁਰਗ ਸਿੱਖਾਂ ’ਤੇ ਦਿਨ-ਦਿਹਾੜੇ ਹਮਲਾ ਹੁੰਦਾ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਇੱਕ ਪੀੜਤ ਜ਼ਮੀਨ ’ਤੇ ਡਿੱਗੇ ਹੋਏ ਹਨ, ਜਦਕਿ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਨੇ ਇਸ ਮਾਮਲੇ ’ਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਸਿੱਖ ਫੈਡਰੇਸ਼ਨ ਦਾ ਬਿਆਨ
ਸਿੱਖ ਫੈਡਰੇਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਹੋਏ ਇਸ ਹਮਲੇ ਤੋਂ ਬਾਅਦ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਸੰਗਠਨ ਨੇ ਆਪਣੇ ਬਿਆਨ ’ਚ ਕਿਹਾ, “ਦੋਵੇਂ ਬਜ਼ੁਰਗ ਸੱਜਣ, ਜੋ ਸਥਾਨਕ ਟੈਕਸੀ ਡਰਾਈਵਰ ਹਨ, ਸਟੇਸ਼ਨ ਦੇ ਬਾਹਰ ਡਿਊਟੀ ’ਤੇ ਸਨ। ਤਿੰਨ ਨੌਜਵਾਨ ਗੋਰਿਆਂ ਦਾ ਸਮੂਹ ਸਟੇਸ਼ਨ ਤੋਂ ਬਾਹਰ ਨਿਕਲਿਆ ਅਤੇ ਇੱਕ ਡਰਾਈਵਰ ਕੋਲ ਪਹੁੰਚ ਕੇ ਉਸ ਨੂੰ ਓਲਡਬਰੀ ਲੈ ਕੇ ਜਾਣ ਦੀ ਮੰਗ ਕੀਤੀ। ਡਰਾਈਵਰ ਨੇ ਦੱਸਿਆ ਕਿ ਉਹ ਬਹੁਤ ਅਪਮਾਨਜਨਕ ਤੇ ਬੁਰੀ ਤਰੀਕੇ ਨਾਲ ਬੋਲ ਰਹੇ ਸਨ। ਜਦੋ ਡਰਾਈਵਰ ਨੇ ਸਮਝਾਉਣਾ ਚਾਹਿਆ ਕਿ ਸਿਸਟਮ ਇਸ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਉਨ੍ਹਾਂ ਨੂੰ ਟੈਕਸੀ ਰੈਂਕ ’ਤੇ ਜਾ ਕੇ ਬੁਕਿੰਗ ਕਰਨੀ ਪਵੇਗੀ। ਪਰ ਉਹ ਸੁਣਨ ਨੂੰ ਤਿਆਰ ਨਹੀਂ ਸਨ ਅਤੇ ਗਾਲਾ ਕੱਢਣੀਆਂ ਸ਼ੁ੍ਰੂ ਕਰ ਦਿੱਤੀਆਂ।”
ਬਿਆਨ ’ਚ ਅੱਗੇ ਕਿਹਾ ਗਿਆ, “ਫਿਰ ਉਹ ਡਰਾਈਵਰ ਦੇ ਚਿਹਰੇ ਸਾਹਮਣੇ ਆਏ ਅਤੇ ਉਸ ਨੂੰ ਧੱਕੇ ਮਾਰਨ ਲੱਗੇ। ਸਕਿੰਟਾਂ ’ਚ ਹੀ ਉਸ ’ਤੇ ਹਮਲਾ ਸ਼ੁਰੂ ਹੋ ਗਿਆ, ਚਿਹਰੇ ’ਤੇ ਮੁੱਕੇ ਮਾਰੇ ਗਏ। ਉਹਨਾਂ ਦੀ ਦਸਤਾਰ ਉਤਾਰ ਦਿੱਤੀ ਗਈ ਅਤੇ ਤਿੰਨੇ ਜਣਿਆਂ ਨੇ ਚਾਰੇ ਪਾਸਿਓਂ ਹਮਲਾ ਕੀਤਾ। ਉਹ ਜ਼ਮੀਨ ’ਤੇ ਡਿੱਗ ਗਏ, ਪਰ ਫਿਰ ਵੀ ਹਮਲਾ ਜਾਰੀ ਰਿਹਾ। ਜਦੋਂ ਉਸ ਦਾ ਸਾਥੀ ਡਰਾਈਵਰ ਇਹ ਸਭ ਦੇਖ ਕੇ ਕੋਲ ਆ ਕੇ ਵਿਰੋਧ ਕਰਨਾ ਚਾਹਿਆ ਤਾਂ ਨੌਜਵਾਨਾਂ ਨੇ ਉਸ ’ਤੇ ਵੀ ਹਮਲਾ ਕੀਤਾ। ਦੋਵੇਂ ਪੀੜਤ 30 ਸਾਲਾਂ ਤੋਂ ਵੱਧ ਸਮੇਂ ਤੋਂ ਯੂਕੇ ’ਚ ਰਹਿੰਦੇ ਅਤੇ ਕੰਮ ਕਰਦੇ ਹਨ, ਪਰ ਉਨ੍ਹਾਂ ਨੇ ਅਜਿਹਾ ਹਿੰਸਕ ਹਮਲਾ ਪਹਿਲਾਂ ਕਦੇ ਨਹੀਂ ਵੇਖਿਆ।”
ਸਿੱਖ ਫੈਡਰੇਸ਼ਨ ਨੇ ਕਿਹਾ, “ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਗਵਾਹਾਂ ਅਤੇ ਸੀਸੀਟੀਵੀ ਫੁਟੇਜ ਦੇ ਬਾਵਜੂਦ, ਪੁਲਿਸ ਨੇ ਹਮਲੇ ਦੇ 48 ਘੰਟਿਆਂ ਬਾਅਦ ਹੀ ਪੀੜਤਾਂ ਨਾਲ ਸੰਪਰਕ ਕੀਤਾ, ਜਦੋਂ ਵੀਡੀਓ ਵਾਇਰਲ ਹੋਈ। ਉਨ੍ਹਾਂ ਨੂੰ ਕਿਹਾ ਗਿਆ ਕਿ ਸੀਮਤ ਸਰੋਤਾਂ ਕਾਰਨ ਬਿਆਨ ਬਾਅਦ ’ਚ ਲਏ ਜਾਣਗੇ। ਅਜਿਹੇ ਬੇਰਹਿਮ ਹਮਲੇ ਦੇ ਬਾਵਜੂਦ ਪੀੜਤ ਸਹਾਇਤਾ ਟੀਮ ਤੋਂ ਕੋਈ ਸੰਪਰਕ ਨਹੀਂ ਹੋਇਆ।