ਨਵੀਂ ਦਿੱਲੀ/ਵਾਸ਼ਿੰਗਟਨ: ਭਾਰਤੀ ਏਜੰਸੀਆਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਲਾਰੈਂਸ ਦਾ ਨਜ਼ਦੀਕੀ ਗੈਂਗਸਟਰ ਰਣਦੀਪ ਮਲਿਕ ਉਰਫ਼ ਰਣਦੀਪ ਸਿੰਘ ਨੂੰ ਅਮਰੀਕਾ ਵਿੱਚ FBI ਨੇ ਗ੍ਰਿਫਤਾਰ ਕਰ ਲਿਆ ਹੈ। ਰਣਦੀਪ ਅਮਰੀਕਾ ਵਿੱਚ ਬੈਠ ਕੇ ਲਾਰੈਂਸ ਦੇ ਇਸ਼ਾਰਿਆਂ ‘ਤੇ ਕਤਲ ਕਰਵਾਉਂਦਾ ਸੀ। ਉਹ ਦਿੱਲੀ ਦੇ ਸਭ ਤੋਂ ਚਰਚਿਤ ਨਾਦਿਰ ਸ਼ਾਹ ਕਤਲ ਕੇਸ ਵਿੱਚ ਵੀ ਵਾਂਟੇਡ ਸੀ ਅਤੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਵਿੱਚ ਵੀ ਮੁਲਜ਼ਮ ਸੀ।
ਗ੍ਰਿਫਤਾਰੀ ਦੀ ਜਾਣਕਾਰੀ
FBI ਨੇ ਰਣਦੀਪ ਮਲਿਕ ਨੂੰ ਅਮਰੀਕਾ ਦੇ ਜੈਕਸਨ ਪੈਰਿਸ਼ ਕਰੈਕਸ਼ਨਲ ਸੈਂਟਰ ਤੋਂ ਗ੍ਰਿਫਤਾਰ ਕੀਤਾ। FBI ਨੇ ਇਸ ਗ੍ਰਿਫਤਾਰੀ ਦੀ ਜਾਣਕਾਰੀ ਭਾਰਤੀ ਏਜੰਸੀਆਂ ਨਾਲ ਸਾਂਝੀ ਕੀਤੀ, ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਰਣਦੀਪ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਵਿਭਾਗ ਨੇ ਹਿਰਾਸਤ ਵਿੱਚ ਲਿਆ ਹੈ।
ਨਾਦਿਰ ਸ਼ਾਹ ਕਤਲ ਕੇਸ
ਰਣਦੀਪ ਮਲਿਕ ਦਿੱਲੀ ਦੇ ਮਸ਼ਹੂਰ ਨਾਦਿਰ ਸ਼ਾਹ ਕਤਲ ਕੇਸ ਵਿੱਚ ਵਾਂਟੇਡ ਸੀ। ਜਾਣਕਾਰੀ ਮੁਤਾਬਕ, ਇਸ ਕਤਲ ਵਿੱਚ ਵਰਤੇ ਗਏ ਹਥਿਆਰ ਰਣਦੀਪ ਨੇ ਵਿਦੇਸ਼ ਵਿੱਚ ਬੈਠ ਕੇ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ, ਚੰਡੀਗੜ੍ਹ ਵਿੱਚ ਸਿੰਗਰ ਬਾਦਸ਼ਾਹ ਦੇ ਕਲੱਬ ‘ਤੇ ਗੋਲੀਬਾਰੀ ਵੀ ਗੋਲਡੀ ਬਰਾੜ ਦੇ ਕਹਿਣ ‘ਤੇ ਰਣਦੀਪ ਨੇ ਕਰਵਾਈ ਸੀ। NIA ਨੇ ਗੁਰੂਗ੍ਰਾਮ ਵਿੱਚ ਕਲੱਬ ‘ਤੇ ਹੋਏ ਬੰਬ ਹਮਲੇ ਵਿੱਚ ਗੋਲਡੀ ਬਰਾੜ ਅਤੇ ਰਣਦੀਪ ਸਮੇਤ ਚਾਰ ਜਣਿਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ।
ਰਣਦੀਪ ਸਿੰਘ ਕੌਣ ਹੈ?
ਰਣਦੀਪ ਸਿੰਘ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ ਅਤੇ ਪਿਛਲੇ 10 ਸਾਲਾਂ ਤੋਂ ਅਮਰੀਕਾ ਵਿੱਚ ਹੈ। ਉਸ ਦਾ ਅਮਰੀਕਾ ਵਿੱਚ ‘ਮਹਾਕਾਲ ਟਰਾਂਸਪੋਰਟ’ ਦੇ ਨਾਂ ਹੇਠ ਟਰਾਂਸਪੋਰਟ ਦਾ ਕਾਰੋਬਾਰ ਹੈ, ਅਤੇ ਉਹ ਖੁਦ ਵੀ ਟਰੱਕ ਚਲਾਉਂਦਾ ਹੈ। ਅਮਰੀਕਾ ਵਿੱਚ ਹੀ ਉਸ ਦਾ ਸੰਪਰਕ ਲਾਰੈਂਸ ਬਿਸ਼ਨੋਈ ਨਾਲ ਹੋਇਆ ਸੀ। ਰਣਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ।
ਨਾਦਿਰ ਸ਼ਾਹ ਕਤਲ
ਅਫਗਾਨੀ ਮੂਲ ਦਾ ਨਾਦਿਰ ਸ਼ਾਹ ਦਿੱਲੀ ਦੇ ਸੀ.ਆਰ. ਪਾਰਕ ਵਿੱਚ ਰਹਿੰਦਾ ਸੀ। ਪਿਛਲੇ ਸਾਲ ਸਤੰਬਰ ਵਿੱਚ, ਜਦੋਂ ਉਹ ਜਿੰਮ ਤੋਂ ਬਾਹਰ ਨਿਕਲ ਰਿਹਾ ਸੀ, ਤਾਂ ਕੁਝ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਸ ਕਤਲ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹਨ। ਰਣਦੀਪ ‘ਤੇ ਇਸ ਕਤਲ ਲਈ ਹਥਿਆਰ ਮੁਹੱਈਆ ਕਰਵਾਉਣ ਦਾ ਇਲਜ਼ਾਮ ਹੈ।