ਜਗਤਾਰ ਸਿੰਘ ਸਿੱਧੂ;
ਲੈਂਡ ਪੂਲਿੰਗ ਅਤੇ ਦੂਜੇ ਵੱਡੇ ਕਿਸਾਨੀ ਮੁੱਦਿਆਂ ਨੂੰ ਲੈਕੇ ਸਾਂਝਾ ਸੰਘਰਸ਼ ਵਿੱਢਣ ਲਈ ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿੱਚ ਪੰਜਾਬ ਅੰਦਰ ਵੱਡਾ ਕਿਸਾਨੀ ਮੋਰਚਾ ਨਵੇਂ ਸਿਰੇ ਤੋਂ ਬਨਣ ਲੱਗਾ ਹੈ। ਜੇਕਰ ਇਹ ਯਤਨ ਸਿਰੇ ਲਗਦੇ ਹਨ ਤਾਂ ਦਿੱਲੀ ਦੇ ਕਿਸਾਨੀ ਮੋਰਚੇ ਬਾਅਦ ਇਹ ਵੱਡਾ ਮੋਰਚਾ ਹੋਵੇਗਾ ।ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ ਐਕਸ਼ਨਾਂ ਲਈ ਸਹਿਮਤੀ ਬਣੇਗੀ ਤਾਂ ਉਸ ਬਾਅਦ ਅੱਗੇ ਵਧਣ ਲਈ ਰਾਹ ਪੱਧਰਾ ਹੋਵੇਗਾ। ਐਕਸ਼ਨ ਬਾਰੇ ਸਹਿਮਤੀ ਦੀ ਪਹਿਲ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਵਲੋਂ ਬਕਾਇਦਾ ਲਿਖਤੀ ਪੱਤਰ ਸੰਯੁਕਤ ਕਿਸਾਨ ਮੋਰਚੇ ਨੂੰ ਭੇਜਿਆ ਜਾ ਰਿਹਾ ਹੈ ।ਕਿਸਾਨ ਮਜ਼ਦੂਰ ਮੋਰਚਾ ਦੀ ਭਲਕੇ ਦਿੱਲੀ ਕੌਮੀ ਪੱਧਰ ਦੇ ਆਗੂਆਂ ਦੀ ਮੀਟਿੰਗ ਹੋ ਰਹੀ ਹੈ ਅਤੇ ਉਸ ਵਿੱਚ ਸਾਂਝੇ ਐਕਸ਼ਨ ਦੀ ਪੇਸ਼ਕਸ਼ ਵਾਲਾ ਪੱਤਰ ਜਾਰੀ ਹੋ ਜਾਵੇਗਾ।
ਕਿਸਾਨ ਨੇਤਾ ਪੰਧੇਰ ਪਹਿਲਾਂ ਵੀ ਏਕੇ ਲਈ ਕੋਸ਼ਿਸ਼ ਕਰਦੇ ਰਹੇ ਹਨ ਪਰ ਇਸ ਮਾਮਲੇ ਬਾਰੇ ਉਨ੍ਹਾਂ ਦੀ ਬਹੁਤ ਸਪੱਸ਼ਟ ਰਾਇ ਹੈ ਕਿ ਪੰਜਾਬ ਵਿੱਚ ਕਿਸਾਨੀ ਏਕੇ ਨਾਲ ਹੀ ਕਿਸਾਨਾਂ ਦੇ ਮੁੱਦਿਆਂ ਦੇ ਹੱਲ ਲਈ ਅੱਗੇ ਵਧਿਆ ਜਾ ਸਕਦਾ ਹੈ । ਸਾਰੇ ਕਿਸਾਨ ਆਗੂਆਂ ਨੂੰ ਪਬਲਿਕ ਪਲੇਟਫਾਰਮ ਉਪਰ ਇਕ ਦੂਜੇ ਵਿਰੁੱਧ ਬੋਲਣਾ ਬੰਦ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਮਸਲਾ ਹੈ ਤਾਂ ਮੀਟਿੰਗ ਅੰਦਰ ਗੱਲ ਕਰਨੀ ਚਾਹੀਦੀ ਹੈ ।ਪੰਧੇਰ ਨੇ ਸਹਿਮਤੀ ਵੱਲ ਕਦਮ ਵਧਾਉਂਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ 30 ਜੁਲਾਈ ਦੇ ਟਰੈਕਟਰ ਮਾਰਚ ਪ੍ਰੋਗਰਾਮ ਦੀ ਆਪਣੇ ਮੋਰਚੇ ਵੱਲੋਂ ਹਮਾਇਤ ਕੀਤੀ ਹੈ ।ਇਸੇ ਤਰ੍ਹਾਂ ਇਸ ਮੋਰਚੇ ਦੀ ਭਲਕੇ ਦੀ ਦਿੱਲੀ ਮੀਟਿੰਗ ਵਿੱਚ ਸਹਿਮਤੀ ਨਾਲ 26 ਅਗਸਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਨਾਲ ਚੰਡੀਗੜ ਵਿੱਚ ਮੀਟਿੰਗ ਕਰਨ ਦਾ ਪ੍ਰਸਤਾਵ ਹੈ। ਪੰਧੇਰ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਵਿੱਚ ਐਕਸ਼ਨ ਦੀ ਸਹਿਮਤੀ ਹੋਵੇਗੀ ਅਤੇ ਫਿਰ ਅੱਗੇ ਵਧਿਆ ਜਾਵੇਗਾ।
ਇਸ ਸਾਰੇ ਮਾਮਲੇ ਵਿੱਚ ਐਕਸ਼ਨ ਸਾਂਝਾ ਕਰਨ ਬਾਰੇ ਜਿਥੇ ਕਿਸਾਨ ਅਤੇ ਮਜ਼ਦੂਰ ਮੋਰਚੇ ਨੇ ਪੰਜਾਬ ਵਿੱਚ ਵਿਚਾਰ-ਵਟਾਂਦਰਾ ਕੀਤਾ ਹੈ ਉਥੇ ਇਹ ਵੀ ਅਹਿਮ ਹੈ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਨਾਲ ਵੀ ਪੰਧੇਰ ਅਤੇ ਉਸ ਦੇ ਸਾਥੀਆਂ ਨੇ ਮੀਟਿੰਗਾਂ ਕੀਤੀਆਂ ਹਨ। ਪੰਧੇਰ ਨੇ ਇੰਨਾਂ ਮੀਟਿੰਗਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜੇਕਰ 26 ਅਗਸਤ ਦੀ ਮੀਟਿੰਗ ਵਿੱਚ ਸਹਿਮਤੀ ਬਣ ਜਾਂਦੀ ਹੈ ਤਾਂ ਡੱਲੇਵਾਲ ਵੀ ਕਿਸਾਨੀ ਹਿੱਤਾਂ ਲਈ ਐਕਸ਼ਨ ਪ੍ਰੋਗਰਾਮਾਂ ਨਾਲ ਸਹਿਮਤ ਹੋ ਸਕਦੇ ਹਨ। ਸਾਰੀ ਸਥਿਤੀ 26 ਅਗਸਤ ਦੀ ਮੀਟਿੰਗ ਹੀ ਸਪਸ਼ਟ ਕਰੇਗੀ।
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਸੰਪਰਕ ਕਰਨ ਉੱਤੇ ਕਿਹਾ ਹੈ ਕਿ ਉਹ ਪੰਧੇਰ ਵਲੋਂ ਤੀਹ ਜੁਲਾਈ ਦੇ ਟਰੈਕਟਰ ਮਾਰਚ ਦੀ ਹਮਾਇਤ ਦਾ ਸਵਾਗਤ ਕਰਦੇ ਹਨ। ਉਨਾਂ ਦਾ ਕਹਿਣਾ ਹੈ ਕਿ ਸਿਧਾਂਤਕ ਤੌਰ ਉੱਤੇ ਏਕਤਾ ਵੱਡੇ ਕਿਸਾਨੀ ਹਿੱਤਾਂ ਚੰਗੇ ਨਤੀਜੇ ਦੇ ਸਕਦੀ ਹੈ।
ਸੰਪਰਕ 9814002186