ਏਅਰ ਇੰਡੀਆ ਨੇ ਪੂਰੀ ਕੀਤੀ ਬੋਇੰਗ ਜਹਾਜ਼ਾਂ ਦੀ ਸੁਰੱਖਿਆ ਜਾਂਚ, ਜਾਰੀ ਕੀਤਾ ਬਿਆਨ

Global Team
3 Min Read

ਨਵੀਂ ਦਿੱਲੀ: ਏਅਰ ਇੰਡੀਆ ਨੇ ਆਪਣੇ ਬੋਇੰਗ 787 ਅਤੇ ਬੋਇੰਗ 737 ਜਹਾਜ਼ਾਂ ਦੇ ਫਿਊਲ ਕੰਟਰੋਲ ਸਵਿੱਚ (FCS) ਦੇ ਲਾਕਿੰਗ ਸਿਸਟਮ ਦੀ ਜਾਂਚ ਪੂਰੀ ਕਰ ਲਈ ਹੈ। ਮੰਗਲਵਾਰ ਨੂੰ ਏਅਰਲਾਈਨ ਨੇ ਦੱਸਿਆ ਕਿ ਫਿਊਲ ਕੰਟਰੋਲ ਸਵਿੱਚ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਮਿਲੀ। DGCA ਨੇ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ਾਂ ਦੀ ਜਾਂਚ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ। ਏਅਰਲਾਈਨ ਨੇ ਕਿਹਾ ਕਿ DGCA ਦੀਆਂ ਹਦਾਇਤਾਂ ਅਨੁਸਾਰ ਹੀ ਜਾਂਚ ਕੀਤੀ ਗਈ।

ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ, “ਏਅਰ ਇੰਡੀਆ ਨੇ ਆਪਣੇ ਸਾਰੇ ਬੋਇੰਗ 787 ਅਤੇ ਬੋਇੰਗ 737 ਜਹਾਜ਼ਾਂ ਦੇ ਫਿਊਲ ਕੰਟਰੋਲ ਸਵਿੱਚ (FCS) ਦੇ ਲਾਕਿੰਗ ਸਿਸਟਮ ਦੀ ਜਾਂਚ ਮੁਕੰਮਲ ਕਰ ਲਈ ਹੈ। ਜਾਂਚ ਵਿੱਚ ਕੋਈ ਸਮੱਸਿਆ ਨਹੀਂ ਪਾਈ ਗਈ।” ਇਹ ਜਾਂਚ ਪਿਛਲੇ ਮਹੀਨੇ ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਦੇ ਬੋਇੰਗ ਡ੍ਰੀਮਲਾਈਨਰ ਜਹਾਜ਼ ਹਾਦਸੇ ਤੋਂ ਬਾਅਦ ਕੀਤੀ ਗਈ, ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ।

ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਦੀ ਸ਼ੁਰੂਆਤੀ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਫਿਊਲ ਸਪਲਾਈ ਬੰਦ ਹੋਣ ਕਾਰਨ ਜਹਾਜ਼ ਦੇ ਇੰਜਣ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਬੰਦ ਹੋ ਗਏ ਸਨ। ਇਸ ਦਾ ਕਾਰਨ ਫਿਊਲ ਸਵਿੱਚ ਦਾ ‘ਰਨ’ ਤੋਂ ‘ਕਟਆਫ’ ਵਿੱਚ ਅਚਾਨਕ ਚਲੇ ਜਾਣਾ ਸੀ। ਇਸ ਨਾਲ ਫਿਊਲ ਕਟ-ਆਫ ਸਵਿੱਚ ਦੇ ਕੰਮਕਾਜ ਨੂੰ ਲੈ ਕੇ ਮੁੜ ਚਿੰਤਾਵਾਂ ਪੈਦਾ ਹੋਈਆਂ।

ਅਹਿਮਦਾਬਾਦ ਵਿੱਚ ਵਾਪਰੇ ਹਾਦਸੇ ਅਤੇ 14 ਜੁਲਾਈ ਨੂੰ ਜਾਰੀ DGCA ਦੀਆਂ ਹਦਾਇਤਾਂ ਤੋਂ ਬਾਅਦ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਜਾਂਚ 12 ਜੁਲਾਈ ਨੂੰ ਸ਼ੁਰੂ ਹੋਈ ਅਤੇ ਨਿਯਮਕ ਦੁਆਰਾ ਦੱਸੇ ਸਮੇਂ ਦੇ ਅੰਦਰ ਪੂਰੀ ਕੀਤੀ ਗਈ।

ਕੰਪਨੀ ਨੇ ਦੱਸਿਆ ਕਿ ਜਿਨ੍ਹਾਂ ਬੋਇੰਗ 737 ਜਹਾਜ਼ਾਂ ਦੀ ਜਾਂਚ ਕੀਤੀ ਗਈ, ਉਹ ਏਅਰ ਇੰਡੀਆ ਐਕਸਪ੍ਰੈਸ ਦੇ ਬੇੜੇ ਦਾ ਹਿੱਸਾ ਸਨ। ਜਾਂਚ ਪੂਰੀ ਹੋਣ ਤੋਂ ਬਾਅਦ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ DGCA ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸੁਰੱਖਿਆ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਏਅਰ ਇੰਡੀਆ ਦੇ ਨਾਲ-ਨਾਲ ਵਿਸ਼ਵ ਪੱਧਰ ਦੀਆਂ ਕਈ ਵੱਡੀਆਂ ਏਅਰਲਾਈਨਾਂ ਜਿਵੇਂ ਕਿ ਅਮੀਰਾਤ ਆਦਿ ਵੀ ਸੁਰੱਖਿਆ ਵਜੋਂ ਆਪਣੇ ਬੋਇੰਗ ਜਹਾਜ਼ਾਂ ਦੀ ਸਮਾਨ ਜਾਂਚ ਕਰ ਰਹੀਆਂ ਹਨ।

Share This Article
Leave a Comment