ਜਗਤਾਰ ਸਿੰਘ ਸਿੱਧੂ;
ਪੰਜਾਬ ਵਿਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਘਮਸਾਣ ਪੈ ਗਿਆ ਹੈ। ਪੰਜਾਬ ਸਰਕਾਰ ਪਿਛਲੇ ਦਿਨੀ ਨਵੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਅਤੇ ਹਾਕਮ ਧਿਰ ਦਾ ਦਾਅਵਾ ਹੈ ਕਿ ਇਹ ਨੀਤੀ ਕਿਸਾਨਾਂ ਦੇ ਹੱਕ ਵਿੱਚ ਹੈ ਅਤੇ ਕਿਸੇ ਕਿਸਾਨ ਦੀ ਜ਼ਮੀਨ ਜਬਰਦਸਤੀ ਨਹੀਂ ਲਈ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਵਿਰੋਧੀ ਧਿਰਾਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਲੈਂਡ ਪੂਲਿੰਗ ਨੀਤੀ ਨਾਲ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਰਹਾਇਸ਼ ਲਈ ਇਕ ਹਜ਼ਾਰ ਗਜ ਦਾ ਪਲਾਟ ਮਿਲੇਗਾ। ਅਸਲ ਮਾਲਕ ਨੂੰ ਸਿੱਧਾ ਪੈਸਾ ਮਿਲੇਗਾ।
ਦੂਜੇ ਪਾਸੇ ਪੰਜਾਬ ਦੀਆਂ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਲੈਂਡ ਪੂਲਿੰਗ ਮੁੱਦੇ ਨੂੰ ਲੈ ਕੇ ਮਾਨ ਸਰਕਾਰ ਵਿਰੁੱਧ ਹਮਲਾਵਰ ਰੁਖ ਅਖ਼ਤਿਆਰ ਕਰ ਰਹੀਆਂ ਹਨ ।ਜੇਕਰ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਲੈਂਡ ਪੂਲਿੰਗ ਨੀਤੀ ਵਿਰੁੱਧ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ ।ਮੋਰਚੇ ਨੇ ਪਹਿਲਾਂ ਚੰਡੀਗੜ ਮੀਟਿੰਗ ਕਰਕੇ ਅੰਦੋਲਨ ਦਾ ਐਲਾਨ ਕੀਤਾ ਅਤੇ ਬੀਤੇ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਮੀਟਿੰਗ ਕਰਕੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਇਸ ਮੁਤਾਬਿਕ 30 ਜੁਲਾਈ ਨੂੰ ਰੋਸ ਵਜੋਂ ਟਰੈਕਟਰ ਮਾਰਚ ਪੰਜਾਬ ਵਿੱਚ ਕੀਤਾ ਜਾਵੇਗਾ। ਤੇਰਾਂ ਅਗਸਤ ਨੂੰ ਅਜ਼ਾਦੀ ਦਿਵਸ ਤੋ ਪਹਿਲਾਂ ਕੌਮੀ ਪੱਧਰ ਉੱਤੇ ਸਾਰੇ ਰਾਜਾਂ ਵਿੱਚ ਮੋਦੀ ਅਤੇ ਟਰੰਪ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਰੋਸ ਵਿਖਾਵੇ ਕੀਤੇ ਜਾਣਗੇ। ਇਸ ਤੋਂ ਬਾਅਦ 24 ਅਗਸਤ ਨੂੰ ਮੁੱਲਾਂਪੁਰ ਦਾਖਾ ਵੱਡੀ ਰੈਲੀ ਕੀਤੀ ਜਾਵੇਗੀ ।26 ਨਵੰਬਰ ਨੂੰ ਕੇਂਦਰ ਵਿਰੁੱਧ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਜੇਕਰ ਰਾਜਸੀ ਧਿਰਾਂ ਦਾ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜ਼ਿਕਰ ਕੀਤਾ ਜਾਵੇ ਤਾਂ ਆਪ ਤੋਂ ਇਲਾਵਾ ਸਾਰੀਆਂ ਰਾਜਸੀ ਧਿਰਾਂ ਇਸ ਦਾ ਤਿੱਖਾ ਵਿਰੋਧ ਕਰ ਰਹੀਆਂ ਹਨ। ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਲਗਾਤਾਰ ਇਸ ਨੀਤੀ ਦਾ ਵਿਰੋਧ ਕਰ ਰਹੀ ਹੈ। ਕੁਝ ਦਿਨ ਪਹਿਲਾਂ ਕਾਂਗਰਸ ਨੇ ਲੁਧਿਆਣਾ ਵਿੱਚ ਟਰੈਕਟਰ ਮਾਰਚ ਕਰਕੇ ਰੋਸ ਪ੍ਰਗਟਾਵਾ ਕੀਤਾ ਅਤੇ ਅੱਜ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਿਹਾ ਹੈ। ਇਸ ਮਾਮਲੇ ਵਿੱਚ ਭਾਜਪਾ ਦੀ ਵੀ ਕਿਸਾਨ ਜਥੇਬੰਦੀਆਂ ਨੂੰ ਹਮਾਇਤ ਹਾਸਲ ਹੈ। ਬੇਸ਼ੱਕ ਪੰਜਾਬ ਵਿੱਚ ਵਿਰੋਧੀ ਧਿਰਾਂ ਇਕ ਦੂਜੇ ਨਾਲ ਵੀ ਟਕਰਾਅ ਰਹੀਆਂ ਹਨ ਜਿਸ ਕਰਕੇ ਇਸ ਮੁੱਦੇ ਉੱਪਰ ਵਿਰੋਧੀਆਂ ਧਿਰਾਂ ਦਾ ਕੋਈ ਦਬਾਅ ਤਾਂ ਬਣਦਾ ਨਜ਼ਰ ਨਹੀਂ ਆ ਰਿਹਾ ਪਰ ਇਹ ਵੇਖਿਆ ਜਾਵੇਗਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੂੰ ਕਿਸਾਨਾਂ ਦਾ ਕਿੰਨਾ ਸਮਰਥਨ ਮਿਲਦਾ ਹੈ।
ਸੰਪਰਕ 9814002186