ਆਪ ਦਾ ਕਾਂਗਰਸ ਨੂੰ ਅਲਵਿਦਾ!

Global Team
3 Min Read

ਜਗਤਾਰ ਸਿੰਘ ਸਿੱਧੂ;

ਬੇਸ਼ਕ ਪੰਜਾਬ ਦੀ ਰਾਜਸੀ ਸਥਿਤੀ ਦੀ ਗੱਲ ਕੀਤੀ ਜਾਵੇ ਜਾਂ ਕੌਮੀ ਰਾਜਨੀਤੀ ਦੀ ਤਾਂ ਕਾਂਗਰਸ ਦੀ ਅਗਵਾਈ ਹੇਠਲੇ ਗਠਜੋੜ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਦੇਸ਼ ਦੀ ਮੁੱਖ ਵਿਰੋਧੀ ਧਿਰ ਸਾਹਮਣੇ ਜਿਥੇ ਕੈਂਦਰੀ ਏਜੰਸੀਆਂ ਦੇ ਆਏ ਦਿਨ ਨਵੇਂ ਕੇਸਾਂ ਦਾ ਸਾਹਮਣਾ ਕਰਨ ਦਾ ਮਾਮਲਾ ਹੈ ਉੱਥੇ ਸਹਿਯੋਗੀ ਦਲ ਵੀ ਅਲੱਗ ਹੋ ਰਹੇ ਹਨ। ਮਿਸਾਲ ਵਜੋਂ ਉੱਤਰੀ ਭਾਰਤ ਦੀ ਰਾਜਨੀਤੀ ਵਿੱਚ ਕਾਂਗਰਸ ਅਤੇ ਆਪ ਦੀ ਲੋਕ ਸਭਾ ਚੋਣ ਤੋਂ ਪਹਿਲਾਂ ਹੋਏ ਗਠਜੋੜ ਦੀ ਕਾਫੀ ਚਰਚਾ ਹੋਈ ਸੀ। ਪਹਿਲਾਂ ਤਾਂ ਲੋਕ ਸਭਾ ਚੋਣਾਂ ਵੇਲੇ ਪੰਜਾਬ ਵਿੱਚ ਦੋਹਾਂ ਪਾਰਟੀਆਂ ਦੇ ਟਕਰਾਅ ਨੇ ਅਜਿਹੀ ਸਥਿਤੀ ਬਣਾ ਦਿੱਤੀ ਕਿ ਲੋਕ ਸਭਾ ਚੋਣ ਬੜੀ ਮੁਸ਼ਕਿਲ ਨਾਲ ਕੋਮੀ ਗੱਠਜੋੜ ਨੂੰ ਕਾਇਮ ਰੱਖਕੇ ਲੜੀ ਗਈ ।ਕਾਂਗਰਸ ਦਾ ਆਪਣੇ ਸਹਿਯੋਗੀਆਂ ਨਾਲ ਸਖ਼ਤ ਵਤੀਰਾ ਗਠਜੋੜ ਲਈ ਕਈ ਵਾਰ ਮੁਸ਼ਕਲ ਦਾ ਕਾਰਨ ਬਣ ਜਾਂਦਾ ਹੈ। ਅਸਲ ਵਿੱਚ ਕਾਂਗਰਸ ਨੂੰ ਜਮੀਨੀ ਹਕੀਕਤ ਪ੍ਰਵਾਨ ਕਰਕੇ ਗਠਜੋੜ ਦਾ ਸਹਿਯੋਗ ਲੈਣ ਦੀ ਲੋੜ ਹੈ। ਹੁਣ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਫ ਹੀ ਆਖ ਦਿੱਤਾ ਕਿ ਆਪ ਦਾ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੈ। ਇਹ ਗਠਜੋੜ ਕੇਵਲ ਲੋਕ ਸਭਾ ਦੀ ਚੋਣ ਤੱਕ ਹੀ ਸੀ ।ਇਸ ਤਰ੍ਹਾਂ ਕੌਮੀ ਪੱਧਰ ਉਪਰ ਪਾਰਟੀਆਂ ਗਠਜੋੜ ਦੀ ਭਾਵਨਾ ਨਾਲ ਇਕ ਦੂਜੇ ਨੂੰ ਸਹਿਯੋਗ ਨਹੀਂ ਕਰਨਗੀਆਂ। ਮਿਸਾਲ ਵਜੋਂ ਬੀਹ ਜੁਲਾਈ ਨੂੰ ਕੇਂਦਰ ਸਰਕਾਰ ਵੱਲੋਂ ਬੁਲਾਈ ਸਰਬ ਪਾਰਟੀ ਵਿੱਚ ਵਿਰੋਧੀ ਧਿਰਾਂ ਦਾ ਆਪੋ ਆਪਣਾ ਨਜ਼ਰੀਆ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਪਾਰਲੀਮੈਂਟ ਅੰਦਰ ਦੋਹਾਂ ਪਾਰਟੀਆਂ ਦੇ ਆਗੂ ਕੇਂਦਰ ਦੇ ਵਿਰੋਧੀ ਧਿਰ ਦੇ ਆਗੂਆਂ ਨਾਲ ਹੋ ਰਹੇ ਧੱਕੇ ਨੂੰ ਰਾਜਸੀ ਬਦਲਾਖੋਰੀ ਵਜੋਂ ਪੇਸ਼ ਕਰਨਗੇ ਕਿਉਂਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਕਈ ਵੱਡੇ ਆਗੂਆਂ ਨੂੰ ਕੇਂਦਰੀ ਦੇਜੰਸੀਆਂ ਦੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸੇ ਤਰ੍ਹਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਆਗੂਆਂ ਨੂੰ ਵੀ ਕੇਂਦਰੀ ਏਜੰਸੀਆਂ ਦੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਵਿਚ ਤਾਂ ਲੋਕ ਸਭਾ ਚੋਣਾਂ ਵੇਲੇ ਵੀ ਆਪ ਅਤੇ ਕਾਂਗਰਸ ਵਿਚਾਲੇ ਰਲਕੇ ਚੋਣਾਂ ਲੜਣ ਦੀ ਸਹਿਮਤੀ ਨਹੀਂ ਬਣੀ ਸੀ। ਬੇਸ਼ੱਕ ਲੋਕ ਸਭਾ ਵਿੱਚ ਕਾਂਗਰਸ ਆਪ ਨਾਲੋਂ ਵੱਧ ਸੀਟਾਂ ਲੈ ਗਈ ਸੀ ਪਰ ਸੂਬੇ ਦੀਆਂ ਬਾਅਦ ਵਿੱਚ ਹੋਈਆਂ ਜ਼ਿਮਨੀ ਚੋਣਾਂ ਵੱਖਰੀ ਤਸਵੀਰ ਪੇਸ਼ ਕਰਦੀਆਂ ਹਨ। ਮਿਸਾਲ ਵਜੋਂ ਲੁਧਿਆਣਾ ਪੱਛਮੀ ਦੀ ਪਿਛਲੇ ਦਿਨੀ ਹੋਈ ਚੋਣ ਵਿੱਚ ਆਪ ਦੇ ਸੰਜੀਵ ਅਰੋੜਾ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਦੂਜੇ ਸਥਾਨ ਲਈ ਸਬਰ ਕਰਨਾ ਪਿਆ। ਹੁਣ ਅਗਲੇ ਦਿਨਾਂ ਵਿੱਚ ਮਾਝੇ ਦੇ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਮੁੜ ਆਪ ਅਤੇ ਕਾਂਗਰਸ ਦੀ ਹੀ ਮੁੱਖ ਟਕਰ ਦੀ ਸੰਭਾਵਨਾ ਹੈ ਜਦੋਂ ਕਿ ਆਪ ਨੂੰ ਪਹਿਲਾਂ ਹੀ ਵੱਡੇ ਅਕਾਲੀ ਆਗੂ ਹਰਮੀਤ ਸਿੰਘ ਸੰਧੂ ਦੇ ਆਪ ਵਿੱਚ ਸ਼ਾਮਲ ਹੋਣ ਨਾਲ ਹੁਲਾਰਾ ਮਿਲਿਆ ਹੈ।

ਸੰਪਰਕ 9814002186

Share This Article
Leave a Comment