ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੋਲਡਨ ਟੈਂਪਲ ਨੂੰ ਲਗਾਤਾਰ ਦੂਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਰਾਹੀਂ ਪ੍ਰਾਪਤ ਹੋਈ ਹੈ। ਈ-ਮੇਲ ‘ਚ ਦਾਅਵਾ ਕੀਤਾ ਹੈ ਕਿ ਪਾਈਪਾਂ ਵਿੱਚ RDX ਭਰਿਆ ਗਿਆ ਹੈ, ਜਿਸ ਨਾਲ ਗੋਲਡਨ ਟੈਂਪਲ ਦੇ ਅੰਦਰ ਧਮਾਕੇ ਕੀਤੇ ਜਾਣਗੇ।
ਸੁਰੱਖਿਆ ਕਾਰਨਾਂ ਕਰਕੇ ਨਾ ਤਾਂ ਈ-ਮੇਲ ਅਤੇ ਨਾ ਹੀ ਉਸ ਵਿੱਚ ਲਿਖੇ ਸ਼ਬਦਾਂ ਨੂੰ ਜਨਤਕ ਕੀਤਾ ਗਿਆ ਹੈ। ਜਾਂਚ ਲਈ ਡੌਗ ਸਕੁਐਡ ਅਤੇ ਬੰਬ ਸਕੁਐਡ ਮੌਕੇ ‘ਤੇ ਪਹੁੰਚ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਅੰਮ੍ਰਿਤਸਰ ਪੁਲਿਸ ਵੀ ਸੁਚੇਤ ਹੋ ਗਈ ਹੈ। BSF ਅਤੇ ਪੁਲਿਸ ਕਮਾਂਡੋ ਤਾਇਨਾਤ ਕੀਤੇ ਗਏ ਹਨ। ਹਰ ਆਉਣ-ਜਾਣ ਵਾਲੇ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਈ-ਮੇਲ ਰਾਹੀਂ ਗੋਲਡਨ ਟੈਂਪਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।
SGPC ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਗੋਲਡਨ ਟੈਂਪਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਇਹ ਧਮਕੀ ਦੇਣ ਵਾਲੇ ਸਿਰਫ਼ ਗੋਲਡਨ ਟੈਂਪਲ ਦੀ ਗੱਲ ਨਹੀਂ ਕਰਦੇ, ਸਗੋਂ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਗੱਲ ਵੀ ਕਰਦੇ ਹਨ। ਇਹਨਾਂ ਧਮਕੀਆਂ ਦੇਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਇਹ ਲੋਕਾਂ ਵਿੱਚ ਡਰ ਦੀ ਭਾਵਨਾ ਪੈਦਾ ਕਰਨ ਲਈ ਅਜਿਹਾ ਕਰਦੇ ਹਨ।
ਸਕੱਤਰ ਨੇ ਕਿਹਾ ਕਿ ਸੰਗਤ ਪਹਿਲਾਂ ਵਾਂਗ ਹੀ ਮੱਥਾ ਟੇਕਣ ਆ ਰਹੀ ਹੈ ਅਤੇ ਗੁਰੂਘਰ ਵਿੱਚ ਕੀਰਤਨ ਸੁਣ ਰਹੀ ਹੈ। ਸੰਗਤ ਨੂੰ ਬੇਨਤੀ ਹੈ ਕਿ ਇਹ ਗੁਰੂਆਂ ਦਾ ਦਰ ਹੈ ਅਤੇ ਇੱਥੇ ਅਜਿਹਾ ਸੋਚਣਾ ਵੀ ਪਾਪ ਹੈ। ਜਿਸ ਨੇ ਵੀ ਇਹ ਧਮਕੀ ਦਿੱਤੀ ਹੈ, ਸਰਕਾਰਾਂ ਦਾ ਕੰਮ ਹੈ ਕਿ ਉਹਨਾਂ ਨੂੰ ਟਰੇਸ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਪੁਲਿਸ ਪ੍ਰਸ਼ਾਸਨ ਅਤੇ ਕੇਂਦਰ ਦੀ ਵੀ ਜ਼ਿੰਮੇਵਾਰੀ ਹੈ।
ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਅਜਿਹੇ ਸਥਾਨ ਹਨ ਜਿੱਥੇ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਮਿਲਦਾ ਹੈ। ਇੱਥੇ ਹਰ ਧਰਮ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ। ਇਹ ਕੋਸ਼ਿਸ਼ ਧਰਮ ਨੂੰ ਤੋੜਨ ਅਤੇ ਏਕਤਾ ਨੂੰ ਖੰਡਿਤ ਕਰਨ ਦੀ ਸਾਜ਼ਿਸ਼ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।