ਨਵੀਂ ਦਿੱਲੀ: ਕਾਂਗਰਸ ਸੰਸਦੀ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਨੇ ਮਾਨਸੂਨ ਸੈਸ਼ਨ ਲਈ ਪਾਰਟੀ ਦੀ ਰਣਨੀਤੀ ਤੈਅ ਕਰਨ ਲਈ 15 ਜੁਲਾਈ ਨੂੰ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਉਨ੍ਹਾਂ ਦੇ ਨਿਵਾਸ ਸਥਾਨ 10 ਜਨਪਥ ਵਿਖੇ ਹੋਵੇਗੀ। ਸੂਤਰਾਂ ਅਨੁਸਾਰ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਸੀਨੀਅਰ ਪਾਰਟੀ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਨ ਜਾ ਰਹੀ ਹੈ।
ਦੱਸ ਦੇਈਏ ਕਿ ਮਾਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 21 ਅਗਸਤ ਤੱਕ ਚੱਲੇਗਾ। ਪਹਿਲਾਂ ਇਹ ਸੈਸ਼ਨ 12 ਅਗਸਤ ਨੂੰ ਖਤਮ ਹੋਣਾ ਸੀ, ਪਰ ਸਰਕਾਰ ਨੇ ਇਸਨੂੰ ਇੱਕ ਹਫ਼ਤੇ ਲਈ ਵਧਾ ਦਿੱਤਾ ਹੈ। ਇਸ ਸਮੇਂ ਦੌਰਾਨ ਕਈ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿੱਚ ਨਿੱਜੀ ਖੇਤਰ ਨੂੰ ਪਰਮਾਣੂ ਊਰਜਾ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਵਾਲਾ ਕਾਨੂੰਨ ਵੀ ਸ਼ਾਮਿਲ ਹੈ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਇਸ ਸੈਸ਼ਨ ਵਿੱਚ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ। ਖਾਸ ਕਰਕੇ, ਵਿਰੋਧੀ ਧਿਰ ਬਿਹਾਰ ਵਿੱਚ ਵਿਸ਼ੇਸ਼ ਵੋਟਰ ਸੂਚੀ ਵਿੱਚ ਸੋਧ ਦੇ ਚੋਣ ਕਮਿਸ਼ਨ ਦੇ ਫੈਸਲੇ ‘ਤੇ ਸਖ਼ਤ ਇਤਰਾਜ਼ ਕਰ ਸਕਦੀ ਹੈ।ਵਿਰੋਧੀ ਧਿਰ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ‘ਆਪ੍ਰੇਸ਼ਨ ਸਿੰਦੂਰ’ ਅਤੇ ਉਸ ਤੋਂ ਬਾਅਦ ਦੇ ਕੂਟਨੀਤਕ ਯਤਨਾਂ ‘ਤੇ ਚਰਚਾ ਦੀ ਮੰਗ ਵੀ ਕਰ ਰਹੀ ਹੈ।
ਵਿਰੋਧੀ ਧਿਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਦਾਅਵੇ ਦਾ ਵੀ ਜਵਾਬ ਮੰਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਭਾਰਤ-ਪਾਕਿਸਤਾਨ ਤਣਾਅ ਵਿੱਚ ਵਿਚੋਲਗੀ ਕਰਨ ਦੀ ਗੱਲ ਕੀਤੀ ਸੀ।ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਮਹੀਨੇ ਟਰੰਪ ਨਾਲ ਟੈਲੀਫੋਨ ‘ਤੇ ਗੱਲਬਾਤ ਦੌਰਾਨ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਨਾ ਤਾਂ ਵਿਚੋਲਗੀ ਸਵੀਕਾਰ ਕਰਦਾ ਹੈ ਅਤੇ ਨਾ ਹੀ ਭਵਿੱਖ ਵਿੱਚ ਅਜਿਹਾ ਕਰੇਗਾ।