ਜੈਪੁਰ: ਰਾਜਸਥਾਨ ਦੇ ਚੁਰੂ ਵਿੱਚ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਰਤਨਗੜ੍ਹ ਵਿੱਚ ਅਚਾਨਕ ਭਾਰਤੀ ਹਵਾਈ ਸੈਨਾ ਦਾ ਇੱਕ ਜੰਗੀ ਜਹਾਜ਼ (ਜਗੁਆਰ ਫਾਈਟਰ ਪਲੇਨ) ਕਰੈਸ਼ ਹੋ ਗਿਆ। ਇਹ ਹਾਦਸਾ ਭਾਨੁਦਾ ਪਿੰਡ ਵਿੱਚ ਵਾਪਰਿਆ ਹੈ।
ਹਾਦਸੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ। ਘਟਨਾਸਥਾਨ ’ਤੇ ਭਾਰੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਰਾਜਲਦੇਸਰ ਪੁਲਿਸ ਸਟੇਸ਼ਨ ਦੀ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ।
ਰੱਖਿਆ ਸੂਤਰਾਂ ਨੇ ਦਿੱਤੀ ਜਾਣਕਾਰੀ
ਸਮਾਚਾਰ ਏਜੰਸੀ ਏਐਨਆਈ ਨੇ ਰੱਖਿਆ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਕਰੈਸ਼ ਹੋਇਆ ਜਹਾਜ਼ ਭਾਰਤੀ ਹਵਾਈ ਸੈਨਾ ਦਾ ਜਗੁਆਰ ਫਾਈਟਰ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਜੰਗੀ ਜਹਾਜ਼ ਨੇ ਸੂਰਤਗੜ੍ਹ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜਹਾਜ਼ ਵਿੱਚ ਦੋ ਪਾਇਲਟ ਸਵਾਰ ਸਨ। ਪਰ, ਰਤਨਗੜ੍ਹ ਨੇੜੇ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਸੂਚਨਾ ਮਿਲਦਿਆਂ ਹੀ ਹਵਾਈ ਸੈਨਾਨੇ ਦੋ ਹੈਲੀਕਾਪਟਰ ਮੌਕੇ ’ਤੇ ਭੇਜੇ।
ਪਹਿਲਾਂ ਵੀ ਦੋ ਵਾਰ ਕਰੈਸ਼ ਹੋ ਚੁੱਕਿਆ ਹੈ ਜਗੁਆਰ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਗੁਆਰ ਫਾਈਟਰ ਜਹਾਜ਼ ਦੋ ਵਾਰ ਕਰੈਸ਼ ਹੋ ਚੁੱਕਿਆ ਹੈ। ਤਿੰਨ ਮਹੀਨੇ ਪਹਿਲਾਂ ਅਪ੍ਰੈਲ ਵਿੱਚ ਜਾਮਨਗਰ ਏਅਰਫੀਲਡ ਤੋਂ ਉਡਾਣ ਭਰਨ ਵਾਲਾ ਜਗੁਆਰ ਜਹਾਜ਼ ਕਰੈਸ਼ ਹੋਇਆ ਸੀ। ਵਾਯੂਸੈਨਾ ਮੁਤਾਬਕ, ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਸੀ। ਇਸੇ ਤਰ੍ਹਾਂ, 7 ਮਾਰਚ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਵੀ ਜਗੁਆਰ ਜਹਾਜ਼ ਕਰੈਸ਼ ਹੋਇਆ ਸੀ।