ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਨਵੇਂ ਮਿਡ-ਡੇਅ ਮੀਲ ਮੀਨੂ ਵਿੱਚ ਬਦਲਾਅ ਕੀਤਾ ਹੈ। ਪ੍ਰਧਾਨ ਮੰਤਰੀ ਪੋਸ਼ਣ ਯੋਜਨਾ (ਪਹਿਲਾਂ ਮਿਡ-ਡੇਅ ਮੀਲ ਸਕੀਮ) ਦੇ ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਮੀਨੂ ਵਿੱਚ ਬਦਲਾਅ ਕੀਤਾ ਗਿਆ ਹੈ। ਨਵਾਂ ਹਫ਼ਤਾਵਾਰੀ ਮੀਨੂ 1 ਜੁਲਾਈ ਤੋਂ 31 ਜੁਲਾਈ ਤੱਕ ਲਾਗੂ ਰਹੇਗਾ।
ਇਸ ਸਬੰਧੀ ਜਨਰਲ ਮੈਨੇਜਰ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਜਾਰੀ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਹਫ਼ਤਾਵਾਰੀ ਮੀਨੂ ਅਨੁਸਾਰ ਸੋਮਵਾਰ ਨੂੰ ਦਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚਾਵਲ ਅਤੇ ਖੀਰ, ਬੁੱਧਵਾਰ ਨੂੰ ਕਾਲੇ ਜਾਂ ਚਿੱਟੇ ਚਨੇ (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ, ਵੀਰਵਾਰ ਨੂੰ ਕੜੀ ਅਤੇ ਚੌਲਾਂ ਦੇ ਨਾਲ ਆਲੂ-ਪਿਆਜ਼ ਪਕੌੜੇ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀ, ਜਦੋਂਕਿ ਸ਼ਨੀਵਾਰ ਨੂੰ ਸਾਬਤ ਮੂੰਗੀ ਦਾਲ, ਚੌਲ ਅਤੇ ਮੌਸਮੀ ਫਲ ਪਰੋਸੇ ਜਾਣਗੇ।
ਸਾਰੇ ਸਕੂਲਾਂ ਵਿੱਚ, ਵਿਦਿਆਰਥੀਆਂ ਨੂੰ ਕਤਾਰ ਵਿੱਚ ਬਿਠਾਇਆ ਜਾਵੇਗਾ ਅਤੇ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਜੇਕਰ ਕਿਸੇ ਵੀ ਸਕੂਲ ਵਿੱਚ ਨਿਰਧਾਰਿਤ ਮੀਨੂ ਅਨੁਸਾਰ ਭੋਜਨ ਨਹੀਂ ਦਿੱਤਾ ਜਾਂਦਾ ਹੈ, ਤਾਂ ਸਕੂਲ ਮੁਖੀ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।