ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿੱਚ ਹੋਏ ਇੱਕ ਆਤਮਘਾਤੀ ਹਮਲੇ ਵਿੱਚ 13 ਫੌਜੀ ਮਾਰੇ ਗਏ ਅਤੇ 10 ਗੰਭੀਰ ਰੂਪ ਨਾਲ ਜ਼ਖਮੀ ਹੋਏ। ਇਸ ਹਮਲੇ ਵਿੱਚ 19 ਆਮ ਨਾਗਰਿਕਾਂ ਨੂੰ ਵੀ ਸੱਟਾਂ ਲੱਗੀਆਂ। ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਇੱਕ ਸਥਾਨਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਫੌਜੀ ਕਾਫਲੇ ਵਿੱਚ ਵਾੜ ਦਿੱਤਾ। ਇਸ ਧਮਾਕੇ ਨੇ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ।
ਇੱਕ ਪੁਲਿਸ ਅਧਿਕਾਰੀ ਮੁਤਾਬਕ, ਧਮਾਕੇ ਕਾਰਨ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਨਾਲ ਛੇ ਬੱਚੇ ਜ਼ਖਮੀ ਹੋਏ। ਹੁਣ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਇਹ ਇਲਾਕਾ ਪਾਕਿਸਤਾਨ ਦੇ ਸਭ ਤੋਂ ਤਣਾਅਪੂਰਨ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਅਕਸਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਹਮਲੇ ਹੁੰਦੇ ਰਹਿੰਦੇ ਹਨ।
ਅੱਤਵਾਦੀ ਹਮਲਿਆਂ ਵਿੱਚ ਵਾਧਾ
ਪਾਕਿਸਤਾਨ ਵਿੱਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਹਮਲਿਆਂ ਵਿੱਚ ਵਾਧਾ ਹੋਇਆ ਹੈ, ਖਾਸਕਰ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਿੱਚ। ਇਹ ਨਵਾਂ ਹਮਲਾ ਪਾਕਿਸਤਾਨ ਦੀਆਂ ਚਿੰਤਾਵਾਂ ਨੂੰ ਹੋਰ ਵਧਾਉਣ ਵਾਲਾ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ, ਮਾਰਚ 2025 ਵਿੱਚ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਦੱਖਣੀ ਵਜ਼ੀਰਿਸਤਾਨ ਵਿੱਚ ਜੰਡੋਲਾ ਚੈੱਕਪੋਸਟ ਨੇੜੇ ਟੀਟੀਪੀ ਨਾਲ ਜੁੜੇ 10 ਸ਼ੱਕੀ ਅੱਤਵਾਦੀਆਂ ਨੂੰ ਮਾਰਿਆ ਸੀ। ਉਸ ਸਮੇਂ ਇੱਕ ਆਤਮਘਾਤੀ ਹਮਲੇ ਤੋਂ ਬਾਅਦ ਫੌਜ ਨੇ ਜਵਾਬੀ ਕਾਰਵਾਈ ਕੀਤੀ ਸੀ।
ਪਾਕਿਸਤਾਨੀ ਫੌਜ ‘ਤੇ ਅੱਤਵਾਦੀ ਹਮਲੇ
ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨੀ ਫੌਜ ‘ਤੇ ਕਈ ਅੱਤਵਾਦੀ ਹਮਲੇ ਹੋਏ ਹਨ। ਦਸੰਬਰ 2024 ਵਿੱਚ ਅਫਗਾਨਿਸਤਾਨ ਸਰਹੱਦ ਨੇੜੇ ਹੋਏ ਹਮਲੇ ਵਿੱਚ 16 ਫੌਜੀ ਮਾਰੇ ਗਏ ਅਤੇ 8 ਜ਼ਖਮੀ ਹੋਏ, ਜਿਸ ਦੀ ਜ਼ਿੰਮੇਵਾਰੀ ਟੀਟੀਪੀ ਨੇ ਲਈ। ਜਨਵਰੀ 2025 ਵਿੱਚ ਬਲੋਚ ਲਿਬਰੇਸ਼ਨ ਆਰਮੀ ਨੇ ਕੇਚ ਵਿੱਚ 35 ਹਮਲੇ ਕੀਤੇ, ਜਿਨ੍ਹਾਂ ਵਿੱਚ 94 ਫੌਜੀਆਂ ਦੀ ਮੌਤ ਦਾ ਦਾਅਵਾ ਕੀਤਾ। ਜੂਨ 2025 ਵਿੱਚ ਗਵਾਦਰ ਦੇ ਸਯਾਬਦ ਵਿੱਚ ਬਲੋਚ ਆਰਮੀ ਨੇ ਹਮਲਾ ਕੀਤਾ, ਜਿਸ ਵਿੱਚ 16 ਫੌਜੀ ਮਾਰੇ ਗਏ।