ਨਿਊਜ਼ ਡੈਸਕ: ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਨਜ਼ਦੀਕੀ ਰਿਸ਼ਤੇਦਾਰ ਕਰਨਵੀਰ ਸਿੰਘ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜੱਗੂ ਭਗਵਾਨਪੁਰੀਆ ਗੈਂਗ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਗੈਂਗ ਨੇ ਬੰਬੀਹਾ ਗੈਂਗ ਨੂੰ ਵੰਗਾਰਦਿਆਂ ਕਿਹਾ, “ਸਾਨੂੰ ਕੋਈ ਗਲਤ ਨਾ ਕਹੇ, ਹੁਣ ਹੱਦ ਪਾਰ ਹੋਵੇਗੀ।” ਪੋਸਟ ਵਿੱਚ ਜ਼ਿਕਰ ਕੀਤਾ ਗਿਆ ਕਿ ਮਾਂ ਅਤੇ ਪਿਓ ਸਾਰਿਆਂ ਦੇ ਆਮ ਲੋਕਾਂ ਵਾਂਗ ਹੁੰਦੇ ਹਨ, ਅਤੇ ਉਨ੍ਹਾਂ ਨੇ ਹਮੇਸ਼ਾ ਸਿਰਫ਼ ਕ੍ਰਿਮੀਨਲਾਂ ਨੂੰ ਨਿਸ਼ਾਨਾ ਬਣਾਇਆ, ਨਾ ਕਿ ਆਮ ਲੋਕਾਂ ਨੂੰ। ਹਾਲਾਂਕਿ ਸਾਡਾ ਚੈਨਲ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ
ਪੋਸਟ ਵਿੱਚ ਕਿਹਾ ਗਿਆ, “ਸਾਡੀ ਦੁਸ਼ਮਣੀ ਆਪਸ ਵਿੱਚ ਸੀ, ਪਰਿਵਾਰਾਂ ਨਾਲ ਨਹੀਂ। ਅਸੀਂ ਕਦੇ ਆਮ ਲੋਕਾਂ ਦਾ ਨੁਕਸਾਨ ਨਹੀਂ ਕੀਤਾ। ਬੰਬੀਹਾ ਗੈਂਗ ਨੇ ਪਹਿਲਾਂ ਵੀ ਇੱਕ 10 ਸਾਲ ਦੇ ਬੱਚੇ ਦਾ ਕਤਲ ਕੀਤਾ ਅਤੇ ਬਾਅਦ ਵਿੱਚ ਮੁਆਫ਼ੀ ਮੰਗੀ। ਸਾਡੇ ਭਰਾਵਾਂ ਦੇ ਕਤਲ ਹੋਏ, ਅਸੀਂ ਬਦਲੇ ਲਏ, ਪਰ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।” ਪੋਸਟ ਵਿੱਚ ਜੱਗੂ ਨੇ ਆਪਣੀ ਮਾਂ ਦੀਆਂ ਮੁਸ਼ਕਲਾਂ ਨੂੰ ਯਾਦ ਕਰਦਿਆਂ ਕਿਹਾ, “ਮੇਰੀ ਮਾਂ ਨੇ ਮੇਰੇ ਲਈ ਬਹੁਤ ਸੰਘਰਸ਼ ਕੀਤਾ, ਮੈਂ ਉਸ ਦਾ ਕਰਜ਼ ਨਹੀਂ ਚੁਕਾ ਸਕਦਾ। ਅੱਜ ਮੈਂ ਆਪਣੇ ਪਿਓ ਨੂੰ ਵੀ ਯਾਦ ਕਰ ਰਿਹਾ ਹਾਂ।”
ਪੋਸਟ ਵਿੱਚ ਦੋ ਵਾਰ ਜ਼ੋਰ ਦੇ ਕੇ ਕਿਹਾ ਗਿਆ, “ਸਾਨੂੰ ਕੋਈ ਗਲਤ ਨਾ ਕਹੇ, ਹੁਣ ਹੱਦ ਪਾਰ ਹੋਵੇਗੀ।”
ਵਰਣਨਯੋਗ ਹੈ ਕਿ 26 ਜੂਨ 2025 ਨੂੰ ਬਟਾਲਾ ਦੇ ਕਾਦੀਆਂ ਰੋਡ ‘ਤੇ ਬਾਈਕ ਸਵਾਰ ਹਮਲਾਵਰਾਂ ਨੇ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ, ਦਾਅਵਾ ਕਰਦਿਆਂ ਕਿ ਕਰਨਵੀਰ ਸਿੰਘ ਜੱਗੂ ਦੇ ਕੰਮਕਾਜ ਸੰਭਾਲਦਾ ਸੀ ਅਤੇ ਉਸ ਨੂੰ ਗੁਰਪ੍ਰੀਤ ਸਿੰਘ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲੈਣ ਲਈ ਨਿਸ਼ਾਨਾ ਬਣਾਇਆ ਗਿਆ। ਹਰਜੀਤ ਕੌਰ ਦੀ ਮੌਤ ਨੂੰ ਗੈਂਗ ਨੇ ‘ਗਲਤੀ’ ਦੱਸਿਆ। ਪੁਲਿਸ ਅਜੇ ਵੀ ਹਮਲਾਵਰਾਂ ਦੀ ਭਾਲ ਵਿੱਚ ਹੈ, ਅਤੇ ਪਰਿਵਾਰ ਨੇ ਸਸਕਾਰ ਤੋਂ ਇਨਕਾਰ ਕਰਦਿਆਂ ਐਸਐਸਪੀ ਬਟਾਲਾ ਦੇ ਦਫਤਰ ਬਾਹਰ ਧਰਨੇ ਦਾ ਐਲਾਨ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।