ਜਗਤਾਰ ਸਿੰਘ ਸਿੱਧੂ;
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇਕ ਸੀਟ ਦੀ ਜਿੱਤ ਹਾਸਲ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਪਿਆ ਵੱਡਾ ਰਾਜਸੀ ਘਮਸਾਨ ਸਮਾਪਤ ਹੋ ਗਿਆ ਹੈ ਅਤੇ ਹੁਣ ਵਾਰੀ ਵੋਟਰ ਦਾ ਵੋਟ ਲਈ ਮਿਲਿਆ ਅਧਿਕਾਰ ਇਸਤੇਮਾਲ ਕਰਨ ਦੀ ਹੈ। ਇੱਕ ਦਿਨ ਬਾਅਦ ਉਨੀ ਜੂਨ ਨੂੰ ਵੋਟਾਂ ਪੈਣਗੀਆਂ ਅਤੇ 23 ਜੂਨ ਨੂੰ ਨਤੀਜੇ ਆਉਣਗੇ। ਬੇਸ਼ਕ ਇਸ ਸੀਟ ਦੇ ਫੈਸਲੇ ਦਾ ਮੁੱਖ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਕੋਈ ਅਸਰ ਨਹੀਂ ਪਵੇਗਾ ਪਰ ਫਿਰ ਇਸ ਸੀਟ ਦੀ ਜਿੱਤ ਲਈ ਸਾਰੀਆਂ ਰਾਜਸੀ ਧਿਰਾਂ ਨੇ ਅੱਡੀ ਚੋਟੀ ਦਾ ਜ਼ੋਰ ਕਿਉਂ ਲਾਇਆ ਹੋਇਆ? ਸਪਸ਼ਟ ਜਵਾਬ ਰਾਜਸੀ ਧਿਰਾਂ ਹੀ ਦੇ ਰਹੀਆਂ ਹਨ ਕਿ ਇਸ ਸੀਟ ਦੀ ਜਿੱਤ ਕਿਸੇ ਵੀ ਧਿਰ ਲਈ 27 ਦੀਆਂ ਵਿਧਾਨ ਸਭਾ ਚੋਣਾਂ ਲਈ ਰਾਹ ਵਿਖਾਏਗੀ।
ਹਰ ਚੋਣ ਦਾ ਆਪਣਾ ਏਜੰਡਾ ਹੁੰਦਾ ਹੈ। ਇਸ ਚੋਣ ਵਿੱਚ ਮੁੱਖ ਰਾਜਸੀ ਧਿਰਾਂ ਚਾਰ ਹਨ ਜਿੰਨਾ ਨੇ ਵੋਟਰਾਂ ਅੱਗੇ ਆਪੋ ਆਪਣਾ ਏਜੰਡਾ ਰੱਖਿਆ ਹੈ। ਆਪ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦਾ ਇਮਤਿਹਾਨ ਹੈ।ਇਕ ਏਜੰਡਾ ਐਸਾ ਰਿਹਾ ਕਿ ਆਪਸੀ ਵਖਰੇਵੇਂ ਦੇ ਬਾਵਜੂਦ ਇਸ ਬਾਰੇ ਬੋਲੀ ਇੱਕੋ ਬੋਲੀ ਗਈ। ਉਹ ਇਹ ਰਿਹਾ ਕਿ ਇਸ ਸੀਟ ਦੀ ਜਿੱਤ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਾਹ ਵਿਖਾਏਗੀ । ਹੁਹ ਇਹ ਫਤਵਾ ਤਾਂ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ ਦੇਣਾ ਹੈ ਪਰ ਇਹ ਸੰਕੇਤ ਜਰੂਰ ਹੈ ਕਿ ਪੰਜਾਬ ਵਿਚ ਇਹ ਚੋਣ ਨਿਕਲਦੇ ਹੀ ਅਗਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਹੋ ਜਾਵੇਗੀ
ਜੇਕਰ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋਣ ਮੌਕੇ ਸਾਰੀਆਂ ਧਿਰਾਂ ਦੇ ਆਗੂਆਂ ਨੇ ਜਿੱਤ ਦੀ ਦਾਅਵੇਦਾਰੀ ਕੀਤੀ ਹੈ। ਇਸ ਦਾਅਵੇਦਾਰੀ ਪਿੱਛੇ ਮੁੱਦਿਆਂ ਦੀ ਪੂਰਤੀ ਦਾ ਏਜੰਡਾ ਹੈ। ਇਕ ਨਿਖੇੜਾ ਚੋਣ ਪ੍ਰਚਾਰ ਦੇ ਖਾਤਮੇ ਉੱਤੇ ਕੀਤਾ ਜਾ ਸਕਦਾ ਹੈ ਅਤੇ ਕਰਨਾ ਬਣਦਾ ਵੀ ਹੈ। ਉਹ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੇ ਨਾਂਹ ਪਖੀ ਏਜੰਡਾ ਲੈਕੇ ਹੀ ਕੰਮ ਕੀਤਾ ਹੈ ਅਤੇ ਵਿਰੋਧੀ ਧਿਰ ਦਾ ਅਧਿਕਾਰ ਵੀ ਹੈ ਪਰ ਵੋਟਰ ਬਾਕੀ ਬਚਦੇ ਦੋ ਸਾਲ ਲਈ ਵਿਰੋਧੀ ਧਿਰਾਂ ਨੂੰ ਵੋਟ ਕਿਉਂ ਦੇਣ? ਇਸ ਦੀ ਗੱਲ ਕਿਸੇ ਨੇ ਨਹੀਂ ਕੀਤੀ। ਜੇਕਰ ਆਪ ਹੀ ਵਿਰੋਧੀ ਧਿਰਾਂ ਇਸ ਲਈ ਵੋਟਾਂ ਮੰਗਦੀਆਂ ਰਹੀਆਂ ਕਿ ਇਸ ਸੀਟ ਦੀ ਜਿੱਤ 27 ਵਿਧਾਨ ਸਭਾ ਲਈ ਰਾਹ ਖੋਲ੍ਹੇਗੀ ਤਾਂ ਫਿਰ ਵੋਟਰ ਵੀ 27 ਨੂੰ ਹੀ ਮਿਲਣਗੇ। ਲੁਧਿਆਣਾ ਪੱਛਮੀ ਦਾ ਵੋਟਰ ਆਪਣਾ ਏਜੰਡਾ ਛਡਕੇ ਦੋ ਸਾਲ ਕਿਉਂ ਖਰਾਬ ਕਰੇਗਾ। ਆਪ ਨੇ ਵਿਰੋਧੀ ਪਾਰਟੀਆਂ ਨੂੰ ਤਾਂ ਨਿਸ਼ਾਨੇ ਉੱਤੇ ਲਿਆ ਹੀ ਪਰ ਵੋਟਰ ਨੂੰ ਵੋਟਰ ਦਾ ਏਜੰਡਾ ਵੀ ਜੋਰਦਾਰ ਢੰਗ ਨਾਲ ਪਰੋਸਿਆ। ਫੈਸਲਾ ਤਾਂ ਵੋਟਰ ਨੇ ਹੀ ਕਰਨਾ ਹੈ।
ਸੰਪਰਕ: 9814002186