ਚੰਡੀਗੜ੍ਹ: ਪਿਛਲੇ ਢਾਈ ਮਹੀਨਿਆਂ ਤੋਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁਧ ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੋਣ ਜਾ ਰਿਹਾ ਹੈ। ਸੂਬਾ ਸਰਕਾਰ ਨਸ਼ਿਆਂ ਵਿਰੁੱਧ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨਵਾਂਸ਼ਹਿਰ ਤੋਂ ‘ਨਸ਼ਾ ਮੁਕਤੀ ਯਾਤਰਾ’ ਦੀ ਸ਼ੁਰੂਆਤ ਕਰਨਗੇ। ਇਹ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਅਪਣੇ ਸੋਸ਼ਲ ਮੀਡੀਆ ਐਕਸ ’ਤੇ ਦਿਤੀ ਹੈ।
ਇਹ ਯਾਤਰਾ ਆਮ ਆਦਮੀ ਪਾਰਟੀ ਸਰਕਾਰ ਦੇ ‘ਮਹਾ ਜਨ ਸੰਪਰਕ ਅਭਿਆਨ’ ਦਾ ਹਿੱਸਾ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਐਕਸ ’ਤੇ ਪੋਸਟ ਕਰਦਿਆਂ ਦਸਿਆ ਕਿ ਪੰਜਾਬ ਦੇ ਹਰ ਕੋਨੇ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨਾਂ ਨੂੰ ਇਸ ਜਾਲ ਵਿੱਚੋਂ ਬਾਹਰ ਕੱਢਣਾ ਹੈ। ਸਰਕਾਰ ਦੀ ਯੋਜਨਾ ਅਨੁਸਾਰ, ਸੂਬੇ ਦੇ 351 ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਹਰ ਰੋਜ਼ ਗ੍ਰਾਮ ਸਭਾਵਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੁਹਿੰਮ ਵਿੱਚ ਹਰ ਰੋਜ਼ ਹਰੇਕ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡ ਸ਼ਾਮਲ ਕੀਤੇ ਜਾਣਗੇ। ਇਸਦਾ ਉਦੇਸ਼ ‘ਨਸ਼ਾ ਮੁਕਤੀ ਯਾਤਰਾ’ ਨੂੰ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਲਿਜਾਣਾ ਹੈ।