ਅੰਮ੍ਰਿਤਸਰ ‘ਚ ਇੱਕ ਦਰਦਨਾਕ ਤੇ ਨਿੰਦਣਯੋਗ ਵਾਕਿਆ ਸਾਹਮਣੇ ਆਇਆ ਹੈ ਜਿੱਥੇ ਬੀ.ਆਰ.ਟੀ.ਐਸ. ਲੇਨ ‘ਤੇ ਇਕ ਬਜ਼ੁਰਗ ਦੀ ਇੱਜ਼ਤ ਨਾਲ ਭਾਰੀ ਖਿਲਵਾੜ ਹੋਇਆ। ਮਿਲੀ ਜਾਣਕਾਰੀ ਅਨੁਸਾਰ, ਬਜ਼ੁਰਗ ਦੀ ਅਚਾਨਕ ਸਿਹਤ ਖਰਾਬ ਹੋ ਚੱਕਰ ਆਉਣ ‘ਤੇ ਅੱਖਾਂ ਅੱਗੇ ਹਨੇਰਾ ਆ ਗਿਆ ਤੇ ਜਿਸ ਕਾਰਨ ਉਹਨਾਂ ਦਾ ਪਿਸ਼ਾਬ ਨਿੱਕਲ ਗਿਆ। ਇੰਨੇ ‘ਚ ਉਥੇ ਮੌਜੂਦ ਬੀ.ਆਰ.ਟੀ.ਐਸ. ਦੇ ਇਕ ਕਰਮਚਾਰੀ ਨੇ ਨਾ ਸਿਰਫ਼ ਉਸ ਬਜ਼ੁਰਗ ਦੀ ਪੱਗ ਉਤਾਰੀ, ਸਗੋਂ ਉਸੇ ਪੱਗ ਨਾਲ ਜ਼ਮੀਨ ਸਾਫ਼ ਕਰਵਾਈ।
ਇਸ ਘਟਨਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਬਜ਼ੁਰਗ ਨਜ਼ਰ ਆ ਰਿਹਾ ਹੈ ਜੋ ਆਪਣੀ ਪੱਗ ਨਾਲ ਜ਼ਮੀਨ ਦੀ ਸਫਾਈ ਕਰ ਰਿਹਾ ਹੈ ਤੇ ਰੋ ਰਿਹਾ ਹੈ। ਉਹ ਆਪਣੇ ਨਾਲ ਹੋਏ ਅਪਮਾਨ ਦੀ ਹੱਡਬੀਤੀ ਵੀ ਦਰਸਾ ਰਿਹਾ ਹੈ।
ਸਮਾਜ ਸੇਵੀ ਪਵਨ ਸ਼ਰਮਾ ਨੇ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਵਾਕਏ ਨੂੰ ਮਨੁੱਖਤਾ ਉੱਤੇ ਧੱਬਾ ਦੱਸਦੇ ਹੋਏ ਮਜ਼ਾਕ ਦਾ ਵਿਸ਼ਾ ਨਹੀਂ, ਸਗੋਂ ਗੰਭੀਰ ਮਾਮਲਾ ਕਿਹਾ। ਉਨ੍ਹਾਂ ਮੰਗ ਕੀਤੀ ਕਿ ਸੰਬੰਧਤ ਕਰਮਚਾਰੀ ਨੂੰ ਤੁਰੰਤ ਸਸਪੈਂਡ ਕਰਕੇ ਸਖਤ ਕਾਰਵਾਈ ਕੀਤੀ ਜਾਵੇ।
ਪਵਨ ਸ਼ਰਮਾ ਨੇ ਅੱਗੇ ਕਿਹਾ, “ਇਹ ਸਿਰਫ਼ ਇੱਕ ਬਜ਼ੁਰਗ ਦੀ ਨਹੀਂ, ਸਾਰੀ ਕੌਮ ਦੀ ਇੱਜ਼ਤ ਨਾਲ ਖਿਲਵਾੜ ਹੈ।” ਉਨ੍ਹਾਂ ਬੀ.ਆਰ.ਟੀ.ਐਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਿੱਥੇ ਬਜ਼ੁਰਗਾਂ ਦੀ ਇੱਜ਼ਤ ਨਹੀਂ, ਓਥੇ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਇਹ ਵਾਕਿਆ ਅੰਮ੍ਰਿਤਸਰ ਹੀ ਨਹੀਂ, ਸਾਰੇ ਪੰਜਾਬ ਦੀ ਮੂਲ ਮਾਨਵਤਾ ‘ਤੇ ਵੱਡਾ ਸਵਾਲ ਖੜਾ ਕਰ ਰਿਹਾ ਹੈ।