ਨਵੀਂ ਦਿੱਲੀ: ਸੋਮਵਾਰ ਨੂੰ ਭਾਰਤੀ ਫੌਜ ਨੇ ‘ਆਪ੍ਰੇਸ਼ਨ ਸਿੰਦੂਰ’ ਸੰਬੰਧੀ ਦੂਜੇ ਦਿਨ ਵੀ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਪਾਕਿਸਤਾਨੀ ਅੱਤਵਾਦੀਆਂ ਖਿਲਾਫ ਸੀ। ਫੌਜ ਵੱਲੋਂ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ, ਜਲ ਸੈਨਾ ਵੱਲੋਂ ਵਾਈਸ ਐਡਮਿਰਲ ਏਐਨ ਪ੍ਰਮੋਦ ਅਤੇ ਹਵਾਈ ਸੈਨਾ ਵੱਲੋਂ ਏਅਰ ਮਾਰਸ਼ਲ ਏਕੇ ਭਾਰਤੀ ਨੇ ਮੀਡੀਆ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ ਕਿ ਭਾਰਤ ਦੀ ਕਾਰਵਾਈ ਅੱਤਵਾਦੀਆਂ ਵਿਰੁੱਧ ਸੀ, ਪਰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦੇ ਪੱਖ ਵਿੱਚ ਖੜ੍ਹਨਾ ਚੁਣਿਆ। ਉਨ੍ਹਾਂ ਨੇ ਕਿਹਾ, “ਇਹ ਸਥਿਤੀ ਭਾਰਤ ਨੂੰ ਕਾਰਵਾਈ ਲਈ ਮਜਬੂਰ ਕਰ ਗਈ ਅਤੇ ਜੋ ਵੀ ਨੁਕਸਾਨ ਹੋਇਆ, ਉਸ ਦੀ ਜ਼ਿੰਮੇਵਾਰੀ ਪਾਕਿਸਤਾਨ ਤੇ ਆਉਂਦੀ ਹੈ।”
ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਦੱਸਿਆ ਕਿ ਹਵਾਈ ਹਮਲੇ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਵੇਖਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, “ਅਸੀਂ ਪਹਿਲਾਂ ਹੀ ਤਿਆਰੀ ਕਰ ਲਈ ਸੀ ਕਿਉਂਕਿ ਪਹਿਲਗਾਮ ਤੱਕ ਪਾਕਿਸਤਾਨ ਨੇ ਹੱਦ ਪਾਰ ਕਰ ਦਿੱਤੀ ਸੀ।”
ਏਅਰ ਮਾਰਸ਼ਲ ਏਕੇ ਭਾਰਤੀ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਵਿੱਚ ਚੀਨ ਵਿੱਚ ਬਣੇ ਰਾਕੇਟ, ਯੂਏਵੀ, ਡਰੋਨ, ਹੈਲੀਕਾਪਟਰ ਵਰਤੇ ਗਏ, ਪਰ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ।
ਭਾਰਤ ਨਵੇਂ ਮਿਸ਼ਨ ਲਈ ਤਿਆਰ: ਏਕੇ ਭਾਰਤੀ
ਆਖ਼ਰ ਵਿੱਚ ਏਅਰ ਮਾਰਸ਼ਲ ਨੇ ਕਿਹਾ, “ਸਾਰੇ ਮਿਲਟਰੀ ਬੇਸ ਅਤੇ ਸਿਸਟਮ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਅਸੀਂ ਕਿਸੇ ਵੀ ਨਵੇਂ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹਾਂ।”