ਜਗਤਾਰ ਸਿੰਘ ਸਿੱਧੂ;
ਕਿਹੋ ਜਿਹਾ ਮਹੌਲ ਹੈ? ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਟਕਰਾਅ ਦੀ ਸਥਿਤੀ ਬਾਰੇ ਵਿਦੇਸ਼ ਰਹਿੰਦੇ ਮੇਰੇ ਮਿੱਤਰ ਨੇ ਸਵਾਲ ਕੀਤਾ। ਮੇਰੀਆਂ ਅੱਖਾਂ ਮੂਹਰੇ ਸਭ ਕੁਝ ਘੁੰਮ ਗਿਆ। ਦਿਨ ਵਿਚ ਕਈ ਵਾਰ ਸਾਇਰਨ ਵਜਦਾ ਹੈ ਤਾਂ ਮੇਰਾ ਸ਼ਹਿਰ ਸਹਿਮ ਜਾਂਦਾ ਹੈ। ਸ਼ਾਮ ਪੈਂਦੀ ਹੈ ਤਾਂ ਬਲੈਕ ਆਊਟ ਲਈ ਸਾਇਰਨ ਵੱਜਦਾ ਹੈ। ਕੁਝ ਹੀ ਮਿੰਟਾਂ ਵਿਚ ਤੇਜੀ ਨਾਲ ਦੌੜ ਰਿਹਾ ਸ਼ਹਿਰ ਘਰਾਂ ਦੇ ਦਰਵਾਜ਼ਿਆਂ ਅੰਦਰ ਬੰਦ ਹੋ ਜਾਂਦਾ ਹੈ। ਰੌਸ਼ਨੀ ਦੀ ਕਿਰਨ ਵੀ ਘਰਾਂ ਦੀਆਂ ਖਿੜਕੀਆਂ ਵਿਚੋਂ ਬਾਹਰ ਨਹੀਂ ਜਾਣੀ ਚਾਹੀਦੀ ।ਸਾਰਾ ਸ਼ਹਿਰ ਹਨੇਰੇ ਦੀ ਚਾਦਰ ਵਿੱਚ ਲਿਪਟ ਜਾਂਦਾ ਹੈ। ਸ਼ਹਿਰ ਦੀਆਂ ਜਿਹੜੀਆਂ ਟ੍ਰੈਫਿਕ ਲਾਈਟਾਂ ਉੱਤੇ ਮੇਰੇ ਸ਼ਹਿਰ ਦੇ ਲੋਕ ਇਕ ਦੂਜੇ ਤੋਂ ਅੱਗੇ ਲੰਘਣ ਲਈ ਕਾਹਲ਼ੇ ਪੈਂਦੇ ਹਨ, ਉਹ ਲਾਈਟਾਂ ਵੀ ਰਾਤ ਦੇ ਹਨੇਰੇ ਵਿੱਚ ਗੁਆਚ ਜਾਂਦੀਆਂ ਹਨ ਅਤੇ ਸੜਕਾਂ ਤੇ ਸੰਨਾਟਾ ਛਾਅ ਜਾਂਦਾ ਹੈ । ਲੋਕਾਂ ਨੂੰ ਕਿਹਾ ਗਿਆ ਹੈ ਕਿ ਸ਼ਾਮ ਦੇਰ ਨਾਲ ਘਰ ਤੋਂ ਬਾਹਰ ਨਾ ਨਿਕਲੋ । ਹੁਣ ਮੌਤ ਦੇ ਸੌਦਾਗਰ ਸੜਕ ਤੋਂ ਗੋਲੀ ਨਹੀਂ ਦਾਗਦੇ ਸਗੌਂ ਮਿਜ਼ਾਈਲ ਦੇ ਰੂਪ ਵਿਚ ਅਸਮਾਨ ਤੋਂ ਡਿੱਗਦੇ ਹਨ।
ਮੇਰੇ ਸ਼ਹਿਰ ਦੀਆਂ ਰੌਣਕ ਵਾਲੀਆਂ ਮਾਰਕੀਟਾਂ ਵਿੱਚ ਸੂਰਜ ਡੁਬਦਿਆਂ ਹੀ ਚੁੱਪ ਦਾ ਪਸਾਰਾ ਹੁੰਦਾ ਹੈ। ਪ੍ਰਸ਼ਾਸਨ ਦੀਆਂ ਹਦਾਇਤਾਂ ਹਨ ਕਿ ਸ਼ਾਮ ਨੂੰ ਸੱਤ ਵਜੇ ਬਾਅਦ ਮਾਰਕੀਟਾਂ ਬੰਦ ਰਹਿਣਗੀਆਂ । ਅਗਲੇ ਕੁਝ ਦਿਨ ਲਈ ਸਕੂਲਾਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਨਹੀਂ ਦੇਣਗੀਆਂ ਕਿਉਂਕਿ ਸਕੂਲ ਬੰਦ ਹੋ ਗਏ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਭਵਿੱਖ ਬਨਾਉਣ ਲਈ ਆਏ ਗੱਭਰੂ ਅਤੇ ਮੁਟਿਆਰਾਂ ਦੀ ਗਹਿਮਾ ਗਹਿਮੀ ਨਹੀਂ ਰਹੀ ਕਿਉਂਕਿ ਉਹ ਦੋਹਾਂ ਮੁਲਕਾਂ ਦੀ ਜੰਗ ਕਾਰਨ ਘਰਾਂ ਨੂੰ ਪਰਤ ਗਏ ਹਨ।
ਇਕ ਲੜਾਈ ਮੇਰੇ ਦੇਸ਼ ਦੀ ਫੌਜ ਪੂਰੀ ਤਾਕਤ ਨਾਲ ਲੜ ਰਹੀ ਅਤੇ ਇਕ ਲੜਾਈ ਮੇਰੇ ਦੇਸ਼ ਦਾ ਮੀਡੀਆ ਟੀ ਵੀ ਚੈਨਲਾਂ ਉੱਤੇ ਲੜ ਰਿਹਾ ਹੈ। ਪਹਿਲਗਾਮ ਬੇਕਸੂਰ ਅਤੇ ਭੋਲੇਭਾਲੇ ਲੋਕਾਂ ਦਾ ਕਤਲੇਆਮ ਕਰਕੇ ਖੂਨ ਨਾਲ ਹੱਥ ਰੰਗਣ ਵਾਲੇ ਖੂਨੀ ਹੱਥਾਂ ਦੇ ਖਾਤਮੇ ਲਈ ਲੜ ਰਹੀ ਮੇਰੇ ਦੇਸ਼ ਦੀ ਫ਼ੌਜ ਨਾਲ ਸਾਰਾ ਦੇਸ਼ ਖੜ੍ਹਾ ਹੈ । ਇਹ ਲੜਾਈ ਸੈਲਾਨੀਆਂ ਲਈ ਘੋੜੇ ਤੇ ਘੁਮਾਉਣ ਵਾਲੇ ਗਰੀਬ ਪਰਿਵਾਰ ਲਈ ਇਕਲੌਤੇ ਰੋਟੀ ਕਮਾਉਣ ਵਾਲੇ ਆਦਿਲ ਅਤੇ ਉੱਨਾਂ ਬੱਚਿਆਂ ਲਈ ਹੈ ਜਿੰਨਾ ਨੇ ਆਪਣਿਆਂ ਨੂੰ ਸਦਾ ਲਈ ਗੁਆ ਲਿਆ ।ਅਜਿਹੇ ਹੀ ਇਕ ਨੰਨੇ ਬੱਚੇ ਨੂੰ ਕਿਸੇ ਟੀ ਵੀ ਚੈਨਲ ਵਲੋਂ ਪਹਿਲਗਾਮ ਚ ਉਸ ਦੀਆਂ ਅੱਖਾਂ ਸਾਹਮਣੇ ਕਤਲ ਕੀਤੇ ਪਾਪਾ ਬਾਰੇ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਪਹਿਲਗਾਮ ਕਿਉਂ ਆਏ ਸੀ ਤਾਂ ਉਸ ਨੰਨ੍ਹੇ ਬੱਚੇ ਦਾ ਸੰਖੇਪ ਜਿਹਾ ਜਵਾਬ ਸੀ ਕਿ ਉਸ ਦੇ ਪਾਪਾ ਆਖਦੇ ਸਨ ਕਿ ਤੈਨੂੰ ਸਵਿਟਰਜਰਲੈਂਡ ਘੁਮਾਉਣ ਲਿਆਇਆ ਹਾਂ। ਨੰਨਾ ਬੱਚਾ ਨਹੀਂ ਜਾਣਦਾ ਸੀ ਕਿ ਸਵਿਟਜਰਲੈਡ ਦੇ ਸੂਹੇ ਫੁੱਲਾਂ ਤੇ ਮਾਨਵਤਾ ਦੇ ਦਰਿੰਦੇ ਉਸ ਦੇ ਪਾਪਾ ਦੇ ਖੂਨ ਦਾ ਰੰਗ ਚਾੜ ਦੇਣਗੇ!
ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਗੱਲ ਤਾਂ ਸੂਹੇ ਫੁੱਲਾਂ ਨੂੰ ਦਰਿੰਦਿਆਂ ਤੋਂ ਬਚਾਉਣ ਦੀ ਹੈ!
ਸੰਪਰਕ 9814002186