ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਘਟ ਰਹੀ ਗਿਣਤੀ ’ਤੇ ਚਿੰਤਾ ਪ੍ਰਗਟਾਈ ਅਤੇ ਸਿੱਖ ਜੋੜਿਆਂ ਨੂੰ ਘੱਟੋ-ਘੱਟ ਤਿੰਨ ਬੱਚੇ ਜਨਮ ਦੇਣ ਦੀ ਸਲਾਹ ਦਿੱਤੀ। ਗੁਰਦੁਆਰਾ ਚਰਨ ਕਮਲ ਵਿਖੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਜ਼ਿਆਦਾਤਰ ਸਿੱਖ ਪਰਿਵਾਰ ਇਕ ਜਾਂ ਦੋ ਬੱਚਿਆਂ ਤੱਕ ਸੀਮਿਤ ਹੋ ਰਹੇ ਹਨ, ਜਿਸ ਕਾਰਨ ਸਿੱਖ ਆਬਾਦੀ ਘਟ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਆਬਾਦੀ ਦਾ ਸੰਤੁਲਨ ਬਣਾਈ ਰੱਖਣ ਲਈ ਤਿੰਨ ਬੱਚਿਆਂ ਦਾ ਹੋਣਾ ਜ਼ਰੂਰੀ ਹੈ।
ਜਥੇਦਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਉਣ ਅਤੇ ਉਨ੍ਹਾਂ ਨੂੰ ਬਾਣੀ-ਬਾਣੇ ਨਾਲ ਜੋੜਨ, ਤਾਂ ਜੋ ਸਿੱਖ ਵਿਰਸਾ ਮਜ਼ਬੂਤ ਬਣ ਸਕੇ।
ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮਸਲੇ ‘ਤੇ ਉਨ੍ਹਾਂ ਕਿਹਾ ਕਿ ਪੰਜਾਬ, ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਸੀ, ਅੱਜ ਕੋਝੀ ਰਾਜਨੀਤੀ ਦੇ ਕਾਰਨ ਦੋ ਦਰਿਆ ਗੁਆ ਚੁੱਕਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ’ਤੇ ਪੰਜਾਬ ਦਾ ਮੁੱਢਲਾ ਹੱਕ ਹੈ, ਕਿਉਂਕਿ ਇਥੋਂ ਦੇ ਲੋਕਾਂ ਨੇ ਮਿਹਨਤ ਕਰਕੇ ਜ਼ਮੀਨ ਨੂੰ ਸਿੰਚਾਈਯੋਗ ਬਣਾਇਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਦਾ ਪਾਣੀ ਜ਼ਬਰਦਸਤੀ ਖੋਹਿਆ ਗਿਆ, ਤਾਂ ਇਲਾਕੇ ਵਿਚ ਸੋਕੇ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਜਥੇਦਾਰ ਨੇ ਗੁਰੂ ਦੇ ਸਿੱਖਾਂ ਦੀ ਸੋਚ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਿੱਖ ਭਾਈ ਘਨੱਈਆ ਜੀ ਵਾਂਗ ਸਾਰਿਆਂ ਨੂੰ ਪਾਣੀ ਪੀਣ ਲਈ ਦਿੰਦੇ ਹਨ, ਪਰ ਜੇਕਰ ਕੋਈ ਜ਼ਬਰਦਸਤੀ ਪਾਣੀ ਲੈਣ ਦੀ ਕੋਸ਼ਿਸ਼ ਕਰੇ, ਤਾਂ ਭਾਈ ਬਚਿੱਤਰ ਸਿੰਘ ਵਾਲੀ ਸੋਚ ਅਪਣਾਕੇ ਉਸਨੂੰ ਸਬਕ ਸਿਖਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।