ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ ਭੇਜਿਆ ਜਾ ਰਿਹਾ 1200 ਕਿਲੋ ਗਊ ਮਾਸ ਵਡੋਦਰਾ ਰੇਲਵੇ ਸਟੇਸ਼ਨ ‘ਤੇ ਕਬਜ਼ੇ ‘ਚ ਲਿਆ ਗਿਆ ਹੈ। ਇਹ ਕਦਮ ਵਡੋਦਰਾ ਰੇਲਵੇ ਪੁਲਿਸ ਨੇ ਸੰਯੁਕਤ ਗਊ ਰਕਸ਼ਾ ਦਲ ਪੰਜਾਬ ਅਤੇ ਫ਼ੋਰੈਂਸਿਕ ਸਾਇੰਸ ਲੈਬ (FSL) ਦੀ ਪੁਸ਼ਟੀ ‘ਤੇ ਚੁੱਕਿਆ, ਜਿਸ ਦੌਰਾਨ 16 ਪੇਟੀਆਂ ਗਊ ਮਾਸ ਦੀਆਂ ਜ਼ਬਤ ਕੀਤੀਆਂ ਗਈਆਂ।
ਇਹ ਕਾਰਵਾਈ ਉਦੋਂ ਅਮਲ ਵਿੱਚ ਆਈ ਜਦੋਂ ਸੰਯੁਕਤ ਗਊ ਰਕਸ਼ਾ ਦਲ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਵਡੋਦਰਾ ਦੀ ਨੇਹਾ ਪਟੇਲ ਨੂੰ ਸੂਚਨਾ ਦਿੱਤੀ ਕਿ ਗੋਲਡਨ ਟੈਂਪਲ ਟਰੇਨ ਦੇ ਆਖਰੀ ਡੱਬੇ ‘ਚ ਗਊ ਮਾਸ ਭੇਜਿਆ ਜਾ ਰਿਹਾ ਹੈ। ਨੇਹਾ ਪਟੇਲ ਨੇ ਤੁਰੰਤ ਡੀ-ਸਟਾਫ ਦੇ ਕੌਸ਼ਲ ਗੋਂਡਾਲੀਆ ਨੂੰ ਅਗਾਹ ਕਰ ਦਿੱਤਾ, ਜਿਸ ਤੋਂ ਬਾਅਦ ਟੀਮ ਨੇ 30 ਅਪ੍ਰੈਲ ਨੂੰ ਟਰੇਨ ‘ਚੋਂ 16 ਪੇਟੀਆਂ ਮਾਸ ਦੀ ਬਰਾਮਦਗੀ ਕੀਤੀ।
20 ਮਿੰਟ ਦੀ ਮਿਹਨਤ ਨਾਲ ਖੁਲਿਆ ਰਾਜ
ਟਰੇਨ ਦੇ ਡੱਬੇ ਦੀ ਜਾਂਚ ਦੌਰਾਨ ਦਰਵਾਜ਼ਾ ਨਾ ਖੁਲਣ ਕਾਰਨ ਮੁਸ਼ਕਲਾਂ ਆਈਆਂ। ਪੁਲਿਸ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ 20 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਦਰਵਾਜ਼ਾ ਖੋਲ੍ਹਿਆ ਅਤੇ ਅੰਦਰੋਂ ਆ ਰਹੀ ਗੰਦੀ ਬਦਬੂ ਨੇ ਸ਼ੱਕ ਪੱਕਾ ਕਰ ਦਿੱਤਾ।
ਇਸ ਮਾਮਲੇ ਦੀ ਪੁਸ਼ਟੀ ਲਈ ਮਾਸ ਦੇ ਨਮੂਨੇ FSL ਨੂੰ ਭੇਜੇ ਗਏ। ਜਦੋਂ ਰਿਪੋਰਟ ਆਈ, ਤਾਂ ਪਤਾ ਲੱਗਾ ਕਿ ਇਹ ਗਊ ਮਾਸ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ, ਪੁਲਿਸ ਨੇ IPC ਦੀ ਧਾਰਾ 325 ਅਤੇ ਪਸ਼ੂ ਹਿੰਸਾ ਰੋਕੂ ਕਾਨੂੰਨ ਅਧੀਨ ਕੇਸ ਦਰਜ ਕਰ ਲਿਆ ਹੈ।
ਪਤਾ ਲੱਗਾ ਹੈ ਕਿ ਅੰਮ੍ਰਿਤਸਰ ਦੇ ਵਿਜੇ ਸਿੰਘ ਨੇ ਇਹ ਗਊ ਮਾਸ ਮੁੰਬਈ ਸੈਂਟ੍ਰਲ ਦੇ ਜਾਫ਼ਰ ਸ਼ੱਬੀਰ ਲਈ ਭੇਜਿਆ ਸੀ ਅਤੇ ਇਸ ਖੇਪ ਨੂੰ ਚਿਕਨ ਦੱਸ ਕੇ ਬੁੱਕ ਕਰਵਾਇਆ ਗਿਆ ਸੀ। ਹੁਣ ਮਾਮਲੇ ਦੀ ਜਾਂਚ ਤੇ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਜਾਰੀ ਹੈ।