ਬੱਲੋ ਅਤੇ ਹੋਰ ਪੰਚਾਇਤਾਂ ਦੀ ਬੱਲੇ ਬੱਲੇ!

Global Team
3 Min Read

ਜਗਤਾਰ ਸਿੰਘ ਸਿੱਧੂ;

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਚਾਇਤੀ ਦਿਵਸ ਦੇ ਮੌਕੇ ਉੱਤੇ ਜਿੱਥੇ ਪੰਜਾਬ ਦੇ ਸਰਪੰਚਾਂ ਨੂੰ ਦੋ ਹਜ਼ਾਰ ਰੁਪਏ ਮਹੀਨਾ ਮਾਣ ਭੱਤਾ ਦੇਣ ਸਮੇਤ ਪਿੰਡਾਂ ਦੇ ਬਹੁ ਪੱਖੀ ਵਿਕਾਸ ਲਈ ਫੰਡਾਂ ਦੇ ਗੱਫੇ ਦੇਣ ਦਾ ਐਲਾਨ ਕੀਤਾ ਗਿਆ ਉਥੇ ਜਿਲਾ ਬਠਿੰਡਾ ਦੇ ਪਿੰਡ ਬੱਲੋ ਦੀ ਪੰਚਾਇਤ ਸਮੇਤ ਕਈ ਪੰਚਾਇਤਾਂ ਦੀ ਬੱਲੇ ਬੱਲੇ ਹੋ ਗਈ। ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਪੰਚਾਇਤਾਂ ਵਿੱਚੋਂ ਸਭ ਤੋਂ ਬੇਹਤਰੀਨ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ।ਇਸੇ ਤਰ੍ਹਾਂ ਹੋਰ ਬੇਹਤਰੀਨ ਪੰਚਾਇਤਾਂ ਦਾ ਸਨਮਾਨ ਹੋਇਆ ।

ਜਿਲ੍ਹਾ ਬਠਿੰਡਾ ਦੀ ਮਕਬੂਲ ਗ੍ਰਾਮ ਪੰਚਾਇਤ ਬੱਲ੍ਹੋ ਨੇ ਪੰਚਾਇਤੀ ਰਾਜ ਮੰਤਰਾਲੇ ਤਰਫੋ ਜਾਰੀ ਕੀਤੇ ਪੰਚਾਇਤ ਤਰੱਕੀ ਸੂਚਕਾਂਕ ਦਰਜਾਬੰਦੀ ਵਿੱਚ ਪੰਜਾਬ ਭਰ ਚੌ ਪਹਿਲਾ ਸਥਾਨ ਹਾਸਲ ਕੀਤਾ ­ਪਰ ਨਾਲ ਹੀ ਟਿਕਾਊ ਵਿਕਾਸ ਦੇ ਟੀਚਿਆਂ ਦੇ ਥੀਮ ਮੁਲਕਾਂਣ ਵਿੱਚੋ ਵੀ ਪਹਿਲਾ ਦਰਜ ਪ੍ਰਾਪਤ ਕਰਕੇ ਪੰਚਾਇਤੀ ਸਿਸਟਮ ਦਾ ਮਾਣ ਵਧਾਇਆ| ਪੰਚਾਇਤੀ ਰਾਜ ਦਿਵਸ ਮੋਕੇ ਚੰਡੀਗੜ੍ਹ ਵਿਖੇ ਰਾਜ ਪੱਧਰੀ ਸਮਾਗਮ ਚ­ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਉਥੇ ਹੀ ਗ੍ਰਾਮ ਪੰਚਾਇਤ ਬੱਲ੍ਹੋ ਵਿੱਚ ਸੇਵਾਵਾਂ ਦੇ ਰਹੇ ਗ੍ਰਾਮ ਸੇਵਕ ਪਰਮਜੀਤ ਸਿੰਘ ਭੁੱਲਰ ਨੂੰ ਚੰਗੀ ਕਾਰਗੁਜ਼ਾਰੀ ਕਾਰਨ ਪ੍ਰਸੰਸਾ ਪੱਤਰ ਦੇ ਕੇ ਮੁੱਖ ਮੰਤਰੀ ਵੱਲੋ ਸਨਮਾਨਿਤ ਕੀਤਾ ਗਿਆ|

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ ਦਾ ਵੀ ਸਨਮਾਨ ਕੀਤਾ ।ਪੰਚਾਇਤ ਸਕੱਤਰਾਂ ਦਾ ਵੀ ਸਨਮਾਨ ਕੀਤਾ ਗਿਆ ।ਮੁੱਖ ਮੰਤਰੀ ਨੇ ਨਸ਼ਾ ਮੁਕਤ ਪਿੰਡਾਂ ਨੂੰ ਵੱਡੇ ਇਨਾਮ ਦੇਣ ਅਤੇ ਪ੍ਰੋਜੈਕਟ ਦੇਣ ਦਾ ਵੀ ਐਲਾਨ ਕੀਤਾ । ਨਸ਼ਾ ਮੁਕਤ ਪਿੰਡਾਂ ਨੂੰ ਇਕ ਲੱਖ ਰੁਪਏ ਦੀ ਵਿੱਤੀ ਰਾਸ਼ੀ ਦਿੱਤੀ ਜਾਵੇਗੀ ਅਤੇ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ ।ਮੁੱਖ ਮੰਤਰੀ ਨੇ ਪੰਚਾਇਤਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ ।ਮੁੱਖ ਮੰਤਰੀ ਨੇ ਪਾਣੀ ਦੇ ਸਰੋਤਾਂ ਵਜੋਂ ਪਿੰਡਾਂ ਦੇ ਛੱਪੜਾਂ ਨੂੰ ਸੁਰਜੀਤ ਕਰਨ ਦਾ ਭਰੋਸਾ ਦਿੱਤਾ । ਉਨਾ ਕਿਹਾ ਕਿ ਪਹਿਲਾਂ ਨਹਿਰੀ ਪਾਣੀ ਦੀ ਵਰਤੋਂ ਨਾ-ਮਾਤਰ ਕੀਤੀ ਜਾਂਦੀ ਸੀ ਅਤੇ ਹੁਣ 75 ਫੀ ਸਦੀ ਨਹਿਰੀ ਪਾਣੀ ਦੀ ਵਰਤੋਂ ਹੋ ਰਹੀ ਹੈ । ਪਿੰਡਾਂ ਵਿੱਚ ਖਾਲਾਂ ਅਤੇ ਕੱਸੀਆਂ ਦਾ ਜਾਲ ਵਿਛ ਰਿਹਾ ਹੈ ।
ਸਮਾਗਮ ਵਿੱਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ , ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ,ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਅਤੇ ਮਹਿਕਮੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ ।

ਸੰਪਰਕ 9814002186

Share This Article
Leave a Comment