ਕਾਠਮੰਡੂ: ਨੇਪਾਲ ਵਿੱਚ ਰਾਜਸ਼ਾਹੀ ਪੱਖੀ ਰਾਸ਼ਟਰੀ ਪ੍ਰਜਾਤੰਤਰ ਪਾਰਟੀ (ਆਰਪੀਪੀ) ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਐਤਵਾਰ ਨੂੰ ਰਾਜਸ਼ਾਹੀ ਦੀ ਬਹਾਲੀ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦੀ ਮੰਗ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਿਵਾਸ ਅਤੇ ਸੰਸਦ ਭਵਨ ਨੂੰ ਘੇਰ ਲਿਆ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਇਹ ਵਿਰੋਧ ਪ੍ਰਦਰਸ਼ਨ ਸੀਮਤ ਖੇਤਰਾਂ ਵਿੱਚ ਕੀਤਾ।
ਲਗਭਗ 1,500 ਪ੍ਰਦਰਸ਼ਨਕਾਰੀ ਬਿਜੂਲੀਬਾਜ਼ਾਰ-ਬਨੇਸ਼ਵਰ ਖੇਤਰ ਵਿੱਚ ਇਕੱਠੇ ਹੋਏ ਅਤੇ “ਗਣਤੰਤਰ ਮੁਰਦਾਬਾਦ”, “ਅਸੀਂ ਰਾਜਸ਼ਾਹੀ ਚਾਹੁੰਦੇ ਹਾਂ”, “ਭ੍ਰਿਸ਼ਟ ਸਰਕਾਰ ਮੁਰਦਾਬਾਦ” ਅਤੇ “ਨੇਪਾਲ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰੋ” ਵਰਗੇ ਨਾਅਰੇ ਲਗਾਏ। ਉਨ੍ਹਾਂ ਦੇ ਹੱਥਾਂ ਵਿੱਚ ਇਨ੍ਹਾਂ ਨਾਅਰਿਆਂ ਵਾਲੇ ਬੈਨਰ ਅਤੇ ਪੋਸਟਰ ਵੀ ਸਨ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਆਰਪੀਪੀ ਪ੍ਰਧਾਨ ਰਾਜੇਂਦਰ ਲਿੰਗਡੇਨ, ਸੀਨੀਅਰ ਨੇਤਾ ਪਸ਼ੂਪਤੀ ਸ਼ਮਸ਼ੇਰ ਰਾਣਾ ਅਤੇ ਨੇਪਾਲ ਪੁਲਿਸ ਦੇ ਸਾਬਕਾ ਇੰਸਪੈਕਟਰ ਜਨਰਲ ਧਰੁਵ ਬਹਾਦਰ ਪ੍ਰਧਾਨ ਸਮੇਤ ਕਈ ਨੇਤਾਵਾਂ ਨੇ ਕੀਤੀ।
ਪ੍ਰਦਰਸ਼ਨਕਾਰੀਆਂ ਵੱਲੋਂ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ ਪਾਬੰਦੀਸ਼ੁਦਾ ਖੇਤਰਾਂ ਵਿੱਚ ਦਾਖਲ ਹੋਣ ਤੋਂ ਬਾਅਦ ਕਾਠਮੰਡੂ ਦੇ ਨਯਾ ਬਨੇਸ਼ਵਰ, ਬਿਜੁਲੀ ਬਾਜ਼ਾਰ, ਮੈਤੀਘਰ, ਭਦਰਕਾਲੀ ਅਤੇ ਬਾਲੂਵਾਤਾਰ ਖੇਤਰਾਂ ਵਿੱਚ ਹਜ਼ਾਰਾਂ ਦੰਗਾ ਕੰਟਰੋਲ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।