ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕਰਕੇ ਨੰਗਲ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਕਈ ਅਹਿਮ ਸੁਝਾਅ ਰੱਖੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਨੰਗਲ, ਜੋ ਕਦੇ ਦੇਸ਼ ਦੇ ਸਭ ਤੋਂ ਯੋਜਨਾਬੱਧ ਅਤੇ ਖੂਬਸੂਰਤ ਸ਼ਹਿਰਾਂ ਵਿੱਚੋਂ ਇੱਕ ਸੀ, ਅੱਜ ਅਣਗਹਿਲੀ ਅਤੇ ਵਿਕਾਸ ਦੀ ਕਮੀ ਕਾਰਨ ਆਪਣੀ ਪੁਰਾਣੀ ਸ਼ਾਨ ਤੋਂ ਕੋਸਾਂ ਦੂਰ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਇਹ ਪਹਿਲ ਨੰਗਲ ਵਾਸੀਆਂ ਨੂੰ ਬਿਹਤਰ ਜੀਵਨ ਪੱਧਰ ਦੇਣ ਅਤੇ ਇਲਾਕੇ ਦੀ ਗਲੌਰੀ ਮੁੜ ਬਹਾਲ ਕਰਨ ਵੱਲ ਇਕ ਵੱਡਾ ਕਦਮ ਹੋਵੇਗਾ।
ਮੁਲਾਕਾਤ ਦੌਰਾਨ ਬੈਂਸ ਵਲੋਂ ਨੰਗਲ ਤੋਂ ਭਾਖੜਾ ਡੈਮ ਤੱਕ ਪੁਰਾਣੀ ਰੇਲ ਲਾਈਨ ‘ਤੇ ਗਲਾਸ-ਰੂਫ ਵਾਲੀ ਹੈਰੀਟੇਜ ਟ੍ਰੇਨ ਚਲਾਉਣ ਦੀ ਮੰਗ ਕੀਤੀ ਗਈ, ਜਿਸ ਰਾਹੀਂ ਇਲਾਕੇ ਦੀ ਕੁਦਰਤੀ ਖੂਬਸੂਰਤੀ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾ ਸਕੇ। ਇਨ੍ਹਾਂ ਸੁਝਾਵਾਂ ਵਿੱਚ ਨੰਗਲ ਝੀਲ ਦੇ ਕੰਢੇ ਇੱਕ ਰਿਵਰਫਰੰਟ ਡਿਵੈਲਪਮੈਂਟ ਪ੍ਰੋਜੈਕਟ ਸ਼ੁਰੂ ਕਰਨਾ ਵੀ ਸ਼ਾਮਲ ਸੀ, ਜੋ ਸਥਾਨਕ ਨਿਵਾਸੀਆਂ ਲਈ ਮਨੋਰੰਜਨ ਦੀਆਂ ਨਵੀਆਂ ਸਹੂਲਤਾਂ ਲੈ ਕੇ ਆ ਸਕੇਗਾ।
ਇਸ ਤੋਂ ਇਲਾਵਾ, ਬੈਂਸ ਨੇ ਭਾਖੜਾ-ਨੰਗਲ ਡੈਮ ਮਿਊਜ਼ੀਅਮ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਇਹ ਪ੍ਰੋਜੈਕਟ ਇਲਾਕੇ ਦੀ ਇਤਿਹਾਸਕ ਮਹੱਤਤਾ ਨੂੰ ਉਭਾਰਣ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਨੇ ਨੰਗਲ ਲਈ ਇੱਕ ਪਾਰਦਰਸ਼ੀ ਅਤੇ ਆਧੁਨਿਕ ਲੀਜ਼ ਨੀਤੀ ਲਾਗੂ ਕਰਨ ਦੀ ਮੰਗ ਵੀ ਰੱਖੀ, ਜੋ ਕਿ ਸਾਲਾਂ ਤੋਂ ਉੱਥੇ ਰਹਿ ਰਹੇ ਨਿਵਾਸੀਆਂ ਦੀ ਸੁਰੱਖਿਆ ਅਤੇ BBMB ਲਈ ਨਿਯਮਤ ਕਿਰਾਇਆ ਯਕੀਨੀ ਬਣਾਵੇਗੀ।
ਨਗਰ ਸੁੰਦਰਤਾ ਵਧਾਉਣ ਲਈ ਨੰਗਲ ਡੈਮ ਦੇ ਆਸਪਾਸ ਰਾਤ ਨੂੰ ਰੋਸ਼ਨੀ ਅਤੇ ਸਜਾਵਟ ਦੀ ਪ੍ਰਬੰਧਨਾ ਕਰਨ ਦੀ ਗੱਲ ਵੀ ਉਠਾਈ ਗਈ। ਨਾਲ ਹੀ, ਮੰਤਰੀ ਨੇ ਸ਼ਹਿਰ ਵਿੱਚ ਸਿਨੇਮਾ ਹਾਲ, ਸ਼ਾਪਿੰਗ ਕੰਪਲੈਕਸ ਅਤੇ ਰੀਕ੍ਰੀਏਸ਼ਨਲ ਜ਼ੋਨ ਬਣਾਉਣ ਦੀ ਵੀ ਮੰਗ ਕੀਤੀ, ਜੋ ਸਰਕਾਰੀ ਜ਼ਮੀਨ ਦੀ ਵਰਤੋਂ ਕਰਕੇ ਨੰਗਲ ਨੂੰ ਨਵਾਂ ਰੂਪ ਦੇ ਸਕਦੇ ਹਨ।