ਜਗਤਾਰ ਸਿੰਘ ਸਿੱਧੂ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਵਿਚ ਬੰਬਾਂ ਬਾਰੇ ਦਿੱਤੇ ਬਿਆਨ ਨੇ ਪੰਜਾਬ ਦੀ ਰਾਜਨੀਤੀ ਵਿੱਚ ਵੀ ਵੱਡਾ ਧਮਾਕਾ ਕਰ ਦਿੱਤਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਬਾਜਵਾ ਕੋਲ ਕੋਈ ਠੋਸ ਸਬੂਤ ਹਨ ਤਾਂ ਪੁਲਿਸ ਨੂੰ ਜਾਣਕਾਰੀ ਦੇਣ ਜਾਂ ਸਖ਼ਤੀ ਕਾਰਵਾਈ ਲਈ ਤਿਆਰ ਰਹਿਣ । ਪੁਲਿਸ ਵੱਲੋਂ ਪਹਿਲਾਂ ਹੀ ਬਾਜਵਾ ਵਿਰੁੱਧ ਕੇਸ ਦਰਜ ਹੋ ਗਿਆ ਹੈ ਅਤੇ ਭਲਕੇ ਮੋਹਾਲੀ ਵਿੱਚ ਪੁਲਿਸ ਅੱਗੇ ਬਾਜਵਾ ਦੀ ਪੇਸ਼ੀ ਹੈ ।
ਕੀ ਹੈ ਵਿਰੋਧੀ ਧਿਰ ਦੇ ਆਗੂ ਬਾਜਵਾ ਦਾ ਬਿਆਨ? ਕੁਝ ਦਿਨ ਪਹਿਲਾਂ ਬਾਜਵਾ ਨੇ ਇਕ ਚੈਨਲ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨਾਂ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪੰਜਾਹ ਬੰਬ ਆਏ ਸਨ ਜਿਨ੍ਹਾਂ ਵਿੱਚੋਂ ਅਠਾਰਾਂ ਚੱਲ ਗਏ ਹਨ ਅਤੇ ਬੱਤੀ ਬੰਬ ਹੋਰ ਹਨ । ਬਾਜਵਾ ਨੇ ਮਾਨ ਸਰਕਾਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਉਠਾਏ ਸਨ । ਉਸ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਜਵਾ ਦੱਸਣ ਕਿ ਇਹ ਜਾਣਕਾਰੀ ਉਨਾਂ ਕੋਲ ਕਿਥੋਂ ਆਈ ਹੈ? ਕੀ ਬਾਜਵਾ ਦੇ ਕਿਸੇ ਪਾਕਿਸਤਾਨੀ ਏਜੰਸੀ ਨਾਲ ਸਬੰਧ ਹਨ ਜਿਹੜੀ ਕਿ ਉਨਾਂ ਨੂੰ ਬੰਬਾਂ ਬਾਰੇ ਜਾਣਕਾਰੀ ਦੇ ਰਹੀ ਹੈ । ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਸਵਾਲ ਹੈ ਅਤੇ ਸਰਕਾਰ ਇਹ ਜਾਣਨਾਂ ਚਾਹੁੰਦੀ ਹੈ ਕਿ ਅਸਲੀਅਤ ਕੀ ਹੈ? ਹਾਕਮ ਧਿਰ ਦੇ ਪਾਰਲੀਮੈਂਟ ਮੈਂਬਰ ਕੰਗ ਅਤੇ ਹੋਰਨਾਂ ਵਲੋਂ ਵੀ ਬਾਜਵਾ ਦੇ ਬਿਆਨ ਨੂੰ ਗੈਰ ਜ਼ਿੰਮੇਵਾਰੀ ਵਾਲਾ ਕਿਹਾ ਗਿਆ ਹੈ । ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਬਾਜਵਾ ਕੋਲ ਆਪਣੇ ਬਿਆਨ ਦਾ ਠੋਸ ਸਬੂਤ ਨਹੀਂ ਹੈ ਤਾਂ ਕਾਰਵਾਈ ਲਈ ਤਿਆਰ ਰਹਿਣ। ਦੂਜੇ ਪਾਸੇ ਕਾਂਗਰਸ ਪਾਰਟੀ ਪੰਜਾਬ ਤੋਂ ਲੈ ਕੇ ਕੌਮੀ ਪੱਧਰ ਤੇ ਬਾਜਵਾ ਦੇ ਨਾਲ ਖੜ ਗਈ ਹੈ । ਬਾਜਵਾ ਦੇ ਹੱਕ ਵਿੱਚ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਜੈ ਰਾਮ ਰਮੇਸ਼ ਅਤੇ ਹੋਰਨਾਂ ਵੱਲੋਂ ਵੀ ਬਿਆਨ ਆਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਭਲਕੇ ਪੰਜਾਬ ਕਾਂਗਰਸ ਭਵਨ ਚੰਡੀਗੜ ਮੀਟਿੰਗ ਵੀ ਬੁਲਾ ਲਈ ਹੈ । ਸੰਭਾਵਨਾ ਹੈ ਕਿ ਭਲਕੇ ਕਾਂਗਰਸ ਵਲੋਂ ਆਪ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਹ ਇਸ ਕਰਕੇ ਵੀ ਅਹਿਮ ਹੋ ਗਿਆ ਹੈ ਕਿਉਂਕਿ ਭਲਕੇ ਹੀ ਇਸ ਕੇਸ ਵਿੱਚ ਪ੍ਰਤਾਪ ਬਾਜਵਾ ਮੋਹਾਲੀ ਪੁਲਿਸ ਅੱਗੇ ਪੇਸ਼ ਹੋ ਰਹੇ ਹਨ।
ਬੇਸ਼ਕ ਹਾਕਮ ਧਿਰ ਅਤੇ ਵਿਰੋਧੀ ਧਿਰਾਂ ਆਪਸ ਵਿੱਚ ਟਕਰਾਉਦੀਆਂ ਰਹਿੰਦੀਆਂ ਹਨ ਪਰ ਅਜਿਹੇ ਮੌਕੇ ਬਹੁਤ ਘੱਟ ਹੁੰਦੇ ਹਨ ਜਦੋਂ ਸੂਬੇ ਦੀ ਹਾਕਮ ਧਿਰ ਅਤੇ ਵਿਰੋਧੀ ਧਿਰ ਕਿਸੇ ਮੁੱਦੇ ਨੂੰ ਲੈ ਕੇ ਲਕੀਰ ਖਿੱਚਕੇ ਆਹਮੋ ਸਾਹਮਣੇ ਖੜੀਆਂ ਹੋ ਜਾਣ। ਮਾਮਲਾ ਵੀ ਸਿੱਧੇ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਧੇ ਤੌਰ ਤੇ ਚੁਣੌਤੀ ਦੇ ਰਹੇ ਹਨ। ਇਸ ਨਾਲੋਂ ਵੀ ਵੱਡਾ ਸਵਾਲ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨਾਲ ਜੁੜਿਆ ਹੋਇਆ ਹੈ । ਪੰਜਾਬ ਸਰਹੱਦੀ ਸੂਬਾ ਹੈ ਅਤੇ ਪਹਿਲਾਂ ਵੀ ਵੱਡੇ ਸੰਕਟ ਵਿੱਚੋਂ ਨਿਕਲ ਚੁੱਕਾ ਹੈ । ਬੇਸ਼ਕ ਰਾਜਸੀ ਧਿਰਾਂ ਦਾ ਹਰ ਮੁੱਦੇ ਉੱਤੇ ਰਾਜਨੀਤੀ ਕਰਨ ਦਾ ਜਨਮ ਸਿੱਧ ਅਧਿਕਾਰ ਹੈ ਪਰ ਘੱਟੋ-ਘੱਟ ਇਸ ਮਾਮਲੇ ਵਿੱਚ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਆਮ ਨਾਗਰਿਕ ਦੀ ਸੁਰੱਖਿਆ ਨੂੰ ਲੈ ਕੇ ਰਾਜਸੀ ਖਿਲਵਾੜ ਪੰਜਾਬ ਜਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹੈ ।
ਸੰਪਰਕ 9814002186