ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਤਿ-ਆਧੁਨਿਕ ਪ੍ਰੈੱਸ ਲੌਂਜ ਦਾ ਕੀਤਾ ਉਦਘਾਟਨ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਅਤਿ-ਆਧੁਨਿਕ ਪ੍ਰੈੱਸ ਲੌਂਜ ਦਾ ਉਦਘਾਟਨ ਕੀਤਾ। ਇਹ ਲੌਂਜ ਪੱਤਰਕਾਰਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੰਮਕਾਜੀ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਯਤਨਾਂ ਸਦਕਾ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਦੂਜੀ ਮੰਜ਼ਿਲ ‘ਤੇ ਬਣੇ ਇਸ ਪ੍ਰੈੱਸ ਲੌਂਜ ਦਾ ਦੋ ਦਹਾਕਿਆਂ ਬਾਅਦ ਨਵੀਨੀਕਰਨ ਕੀਤਾ ਗਿਆ ਹੈ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. (ਮੀਡੀਆ) ਆਦਿਲ ਆਜ਼ਮੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਵਿਮਲ ਸੇਤੀਆ, ਵਧੀਕ ਡਾਇਰੈਕਟਰ (ਐਡਮਿਨ) ਸੰਦੀਪ ਸਿੰਘ ਗਾੜ੍ਹਾ, ਜਾਇੰਟ ਡਾਇਰੈਕਟਰ (ਪ੍ਰੈੱਸ) ਹਰਜੀਤ ਸਿੰਘ ਗਰੇਵਾਲ, ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਚਾਵਲਾ, ਉਪ ਪ੍ਰਧਾਨ ਅਮਿਤ ਪਾਂਡੇ, ਸਕੱਤਰ ਦੀਪਕ ਸ਼ਰਮਾ ਅਤੇ ਹੋਰ ਸੀਨੀਅਰ ਪੱਤਰਕਾਰ ਵੀ ਮੌਜੂਦ ਸਨ।

ਇਹ ਪ੍ਰੈੱਸ ਲੌਂਜ, ਜਿਸਦਾ ਨਵੀਨੀਕਰਨ ਬਾਅਦ ਅੱਜ ਉਦਘਾਟਨ ਕੀਤਾ ਗਿਆ, ਅਤਿ-ਆਧੁਨਿਕ ਤਕਨਾਲੋਜੀ ਅਤੇ ਜ਼ਰੂਰੀ ਸਹੂਲਤਾਂ ਨਾਲ ਲੈਸ ਹੈ, ਜੋ ਮੀਡੀਆ ਦੀ ਮਜ਼ਬੂਤੀ ਅਤੇ ਪੱਤਰਕਾਰੀ ਲਈ ਸੁਤੰਤਰ, ਨਿਰਪੱਖ ਤੇ ਉਸਾਰੂ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਲੌਂਜ ਵਿੱਚ ਹਾਈ-ਸਪੀਡ ਇੰਟਰਨੈਟ, ਡੈਸਕਟਾਪ, ਪ੍ਰਿੰਟਰ ਅਤੇ ਬੈਠਣ ਲਈ ਢੁਕਵੇਂ ਪ੍ਰਬੰਧ ਹਨ, ਜੋ ਇਹ ਯਕੀਨੀ ਬਣਾਉਂਦੇ ਹਨ ਕਿ ਜਨਤਾ ਤੱਕ ਜਾਣਕਾਰੀ ਦੇ ਪਾਸਾਰ ਲਈ ਪੱਤਰਕਾਰਾਂ ਕੋਲ ਲੋੜੀਂਦੇ ਸਾਧਨ ਅਤੇ ਸਰੋਤ ਉਪਲਬਧ ਹੋਣ ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਡਿਊਟੀ ਨਿਭਾ ਸਕਣ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੱਤਰਕਾਰਾਂ ਦੀ ਭਲਾਈ ਅਤੇ ਪੱਤਰਕਾਰੀ ਦੇ ਸਮਰਥਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਹਰਜੋਤ ਸਿੰਘ ਬੈਂਸ ਨੇ ਲੋਕਤੰਤਰ ਵਿੱਚ ਇੱਕ ਆਜ਼ਾਦ ਅਤੇ ਨਿਰਪੱਖ ਪ੍ਰੈਸ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪ੍ਰੈੱਸ ਲੌਂਜ ਦੀ ਅਹਿਮੀਅਤ ਨੂੰ ਉਜਾਗਰ ਕੀਤਾ।

ਪ੍ਰੈੱਸ ਲੌਂਜ, ਵੱਖ-ਵੱਖ ਸਰਕਾਰੀ ਵਿਭਾਗਾਂ, ਰਾਜ ਸਰਕਾਰ ਦੀਆਂ ਗਤੀਵਿਧੀਆਂ ਅਤੇ ਕਾਰਜਾਂ ਨੂੰ ਕਵਰ ਕਰਨ ਵਾਲੇ ਪੱਤਰਕਾਰਾਂ ਲਈ ਇੱਕ ਹੱਬ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਜਾਣਕਾਰੀ ਤੱਕ ਵਧੇਰੇ ਪਹੁੰਚ, ਬਿਹਤਰ ਸੰਚਾਰ ਅਤੇ ਮੀਡੀਆ ਪੇਸ਼ੇਵਰਾਂ ਲਈ ਇੱਕ ਸਾਰਥਕ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਉਂਦਾ ਹੈ।

Share This Article
Leave a Comment