ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨ ਵਜੋਂ ਵਾਪਸੀ ਤੈਅ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਦੀ ਅੱਜ ਚੰਡੀਗੜ ਹੋਈ ਮੀਟਿੰਗ ਵਿੱਚ ਧਾਮੀ ਦਾ ਸਤਾਰਾਂ ਫਰਵਰੀ ਨੂੰ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਰੱਦ ਕਰ ਦਿੱਤਾ ਗਿਆ ਹੈ। ਧਾਮੀ ਨੇ ਲਗਾਤਾਰ ਇਹ ਕਿਹਾ ਹੈ ਕਿ ਉਹ ਆਪਣਾ ਵਾਪਸ ਨਹੀਂ ਲੈਣਗੇ। ਇਹ ਸਹੀ ਹੈ ਕਿ ਉਨਾਂ ਨੇ ਅਸਤੀਫਾ ਹੁਣ ਵੀ ਵਾਪਸ ਨਹੀਂ ਲਿਆ ਹੈ ਪਰ ਕਮੇਟੀ ਦੀ ਮੀਟਿੰਗ ਨੇ ਅਪ੍ਰਵਾਨ ਕਰ ਦਿੱਤਾ ਹੈ। ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਲੀਮੈਂਟਰੀ ਬੋਰਡ ਨੇ ਵੀ ਚੰਡੀਗੜ ਮੀਟਿੰਗ ਕਰਕੇ ਸਵਾਗਤ ਕੀਤਾ ਹੈ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕਮੇਟੀ ਦੀ ਕਾਰਜਕਾਰਨੀ ਦੀਆਂ ਪਹਿਲੀਆਂ ਮੀਟਿੰਗਾਂ ਵਿੱਚ ਅਸਤੀਫ਼ਾ ਰੱਦ ਕਰਨ ਬਾਰੇ ਫੈਸਲਾ ਕਿਉਂ ਨਹੀਂ ਲਿਆ ਗਿਆ?
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੇ ਅੱਜ ਸ਼ਾਮੀਂ ਪ੍ਰਧਾਨ ਧਾਮੀ ਦੇ ਹੁਸ਼ਿਆਰਪੁਰ ਜਾਕੇ ਉਨਾਂ ਦੇ ਨਿਵਾਸ ਅਸਥਾਨ ਉੱਪਰ ਮੁਲਾਕਾਤ ਕਰਕੇ ਅਹੁਦਾ ਸੰਭਾਲਣ ਦੀ ਬੇਨਤੀ ਕੀਤੀ। ਇਸ ਤੋਂ ਪਹਿਲਾਂ ਵੀ ਕਮੇਟੀ ਧਾਮੀ ਨੂੰ ਮਿਲਕੇ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕਰਦੀ ਰਹੀ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਕਮੇਟੀ ਦੇ ਆਗੂ ਅਸਤੀਫਾ ਰੱਦ ਕਰਕੇ ਧਾਮੀ ਨੂੰ ਅਹੁਦਾ ਸੰਭਾਲਣ ਦੀ ਬੇਨਤੀ ਕਰਨ ਆਏ ਸਨ। ਕੇਵਲ ਐਨਾ ਹੀ ਨਹੀਂ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਧਾਮੀ ਦੀ ਪ੍ਰਧਾਨ ਵਜੋਂ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ।
ਜਿਕਰਯੋਗ ਹੈ ਕਿ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਵੱਖ ਵੱਖ ਅਕਾਲੀ ਆਗੂਆਂ ਅਤੇ ਪੰਥਕ ਧਿਰਾਂ ਦੇ ਪ੍ਰਤੀਨਿਧਾਂ ਨੂੰ ਤਨਖਾਹ ਲਾਕੇ ਅਕਾਲੀ ਦਲ ਦੀ ਮਜ਼ਬੂਤੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਈ ਫੈਸਲੇ ਸੁਣਾਏ ਸਨ ਪਰ ਉਸ ਤੋਂ ਬਾਅਦ ਏਕਾ ਤਾਂ ਨਹੀਂ ਹੋਇਆ ਸਗੋਂ ਕਈ ਵੱਡੀਆਂ ਪੰਥਕ ਘਟਨਾਵਾਂ ਵਾਪਰ ਗਈਆਂ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਪਾਸੇ ਕਰ ਦਿੱਤੇ ਗਏ । ਦੋਹਾਂ ਤੋਂ ਪਹਿਲਾਂ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ਾਂ ਦੀ ਜਾਂਚ ਦੇ ਮਾਮਲੇ ਵਿੱਚ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਸੀ । ਹੁਣ ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿੱਚ ਅਕਾਲੀ ਦਲ ਦੇ ਸੁਧਾਰ ਵਾਲੀ ਲੀਡਰਸ਼ਿਪ ਵਲੋ ਭਲਕੇ ਅਕਾਲ ਤਖਤ ਸਾਹਿਬ ਕੰਪਲੈਕਸ ਵਿੱਚ ਵੱਡਾ ਪੰਥਕ ਇਕੱਠ ਕਰਕੇ ਪਾਰਟੀ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਆਖ ਰਹੀ ਹੈ ਕਿ ਅਕਾਲੀ ਦਲ ਦੇ ਦਫ਼ਤਰ ਤੋਂ ਲਈਆਂ ਕਾਪੀਆਂ ਨਾਲ ਬਣੀ ਮੈਂਬਰਸ਼ਿਪ ਪ੍ਰਵਾਨ ਹੋਵੇਗੀ । ਕੀ ਹੁਣ ਧਾਮੀ ਕੇਵਲ ਪ੍ਰਧਾਨਗੀ ਹੀ ਸੰਭਾਲਣਗੇ ਜਾਂ ਪਾਰਟੀ ਦੀ ਭਰਤੀ ਲਈ ਜਥੇਦਾਰ ਅਕਾਲ ਤਖ਼ਤ ਦੇ ਆਦੇਸ਼ ਨਾਲ ਬਣੀ ਕਮੇਟੀ ਦੇ ਕਨਵੀਨਰ ਦਾ ਅਹੁਦਾ ਵੀ ਮੁੜ ਸੰਭਾਲਣਗੇ?
ਸੰਪਰਕ: 9814002186