ਨਿਊਜ਼ ਡੈਸਕ: 9 ਮਹੀਨੇ ਤੋਂ ਪੁਲਾੜ ‘ਚ ਫਸੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲਿਅਮਸ ਅਤੇ ਉਨ੍ਹਾਂ ਦੇ ਸਾਥੀ ਬੈਰੀ ਵਿਲਮੋਰ ਦੀ ਧਰਤੀ ‘ਤੇ ਵਾਪਸੀ ਹੁਣ ਜਲਦੀ ਹੋਣ ਦੀ ਉਮੀਦ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਹੈ ਕਿ ਦੋਵੇਂ ਪੁਲਾੜ ਯਾਤਰੀ 19 ਮਾਰਚ ਤੋਂ ਪਹਿਲਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਛੱਡਣਗੇ। ਨਾਸਾ-ਸਪੇਸਐਕਸ ਕਰੂ-10 ਹੁਣ 14 ਮਾਰਚ ਦੀ ਸ਼ਾਮ 7:03 ਵਜੇ ਤੋਂ ਪਹਿਲਾਂ ਲਾਂਚ ਕੀਤਾ ਜਾਵੇਗਾ। ਜੇਕਰ ਇਹ ਲਾਂਚ ਸਫਲ ਰਹਿੰਦਾ ਹੈ ਤਾਂ ਸੁਨੀਤਾ ਵਿਲਿਆਮਸ ਅਤੇ ਬੈਰੀ ਵਿਲਮੋਰ ਦੀ ਧਰਤੀ ‘ਤੇ ਵਾਪਸੀ ਹੋ ਸਕੇਗੀ।
ਸੁਨੀਤਾ ਵਿਲਿਆਮਸ ਕਿਸ ਮਿਸ਼ਨ ‘ਤੇ ਗਈ ਸੀ?
5 ਜੂਨ 2024 ਨੂੰ ਨਾਸਾ ਨੇ ਬੋਇੰਗ ਕਰੂ ਫਲਾਈਟ ਟੈਸਟ ਮਿਸ਼ਨ ਲਾਂਚ ਕੀਤਾ। ਇਸ ਮਿਸ਼ਨ ਹੇਠ, ਨਾਸਾ ਨੇ ਆਪਣੇ ਦੋ ਪੁਲਾੜ ਯਾਤਰੀ – ਸੁਨੀਤਾ ਵਿਲਿਅਮਸ ਅਤੇ ਬੈਰੀ ਬੁੱਚ ਵਿਲਮੋਰ – ਨੂੰ 8 ਦਿਨਾਂ ਦੀ ਯਾਤਰਾ ‘ਤੇ ਭੇਜਿਆ। ਦੋਵੇਂ ਸਟਾਰਲਾਈਨਰ ਪੁਲਾੜ ਯਾਨ ਰਾਹੀਂ ISS ਲਈ ਰਵਾਨਾ ਹੋਏ। ਇਹ ISS ਤੱਕ ਪੁਲਾੜ ਯਾਤਰੀ ਲੈ ਕੇ ਜਾਣ ਵਾਲਾ ਸਟਾਰਲਾਈਨਰ ਦਾ ਪਹਿਲਾ ਮਿਸ਼ਨ ਸੀ।
ਨਾਸਾ ਦਾ ਵੱਡਾ ਉਦੇਸ਼
ਸੁਨੀਤਾ ਅਤੇ ਬੈਰੀ ਜਿਸ ਮਿਸ਼ਨ ‘ਤੇ ਹਨ, ਉਹ ਨਾਸਾ ਦੇ ਕਮਰਸ਼ੀਅਲ ਕਰਿਊ ਪ੍ਰੋਗਰਾਮ ਦਾ ਹਿੱਸਾ ਹੈ। ਨਾਸਾ ਦਾ ਉਦੇਸ਼ ਇਹ ਹੈ ਕਿ ਅਮਰੀਕਾ ਦੇ ਨਿੱਜੀ ਉਦਯੋਗਾਂ ਨਾਲ ਮਿਲ ਕੇ, ISS ਲਈ ਸੁਰੱਖਿਅਤ, ਭਰੋਸੇਯੋਗ ਅਤੇ ਘੱਟ ਲਾਗਤ ਵਾਲੇ ਮਾਨਵ ਮਿਸ਼ਨ ਭੇਜੇ ਜਾਣ। ਇਸ ਲਈ ਹੀ ਇਹ ਟੈਸਟ ਮਿਸ਼ਨ ਲਾਂਚ ਕੀਤਾ ਗਿਆ। ਇਸ ਮਿਸ਼ਨ ਤਹਿਤ 6 ਮਹੀਨਿਆਂ ਦੇ ਰੋਟੇਸ਼ਨਲ ਮਿਸ਼ਨ ਦੀ ਯੋਗਤਾ ਨੂੰ ਜਾਂਚਨਾ ਸੀ। ਲੰਬੀ ਪੁਲਾੜ ਉਡਾਣਾਂ ਤੋਂ ਪਹਿਲਾਂ ਤਿਆਰੀ ਅਤੇ ਲੋੜੀਂਦੇ ਡਾਟਾ ਇਕੱਠਾ ਕਰਨ ਲਈ ਇਹ ਟੈਸਟ ਕਰੂ ਫਲਾਈਟ ਸ਼ੁਰੂ ਕੀਤੀ ਗਈ ਸੀ।
ਕਰੂ-10 ਮਿਸ਼ਨ ‘ਚ ਕੌਣ ਜਾ ਰਿਹਾ ਹੈ?
ਕਰੂ-10 ਮਿਸ਼ਨ ਹੇਠ ਨਾਸਾ ਦੇ 4 ਪੁਲਾੜ ਯਾਤਰੀ ISS ਲਈ ਭੇਜੇ ਜਾਣਗੇ:
ਕਮਾਂਡਰ – ਐਨ ਮੈਕਲੇਨ
ਪਾਇਲਟ – ਨਿਕੋਲ ਆਇਰਸ
ਮਿਸ਼ਨ ਸਪੈਸ਼ਲਿਸਟ – ਤਕੁਯਾ ਓਨੀਸ਼ੀ (ਜਾਪਾਨੀ ਪੁਲਾੜ ਏਜੰਸੀ – JAXA)
ਮਿਸ਼ਨ ਸਪੈਸ਼ਲਿਸਟ – ਕਿਰਿਲ ਪੇਸਕੋਵ (ਰੂਸੀ ਪੁਲਾੜ ਯਾਤਰੀ)