ਖੰਨਾ: ਪਟਿਆਲਾ ਪੁਲਿਸ ਨੇ ਖੰਨਾ ਤੋਂ ਬੁਧਵਾਰ ਸ਼ਾਮ ਅਗਵਾ ਕੀਤੇ 6 ਸਾਲਾ ਬੱਚੇ ਦੇ ਮਾਮਲੇ ਨੂੰ ਸੁਲਝਾ ਲਿਆ। ਪੁਲਿਸ ਨੇ ਅਗਵਾਹਕਾਰਾਂ ਦੇ ਚੰਗੁਲ ਤੋਂ ਬੱਚੇ ਨੂੰ ਸੁਰੱਖਿਅਤ ਬਚਾ ਲਿਆ। ਇਸ ਦੌਰਾਨ ਹੋਏ ਐਨਕਾਉਂਟਰ ‘ਚ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ, ਜਦਕਿ ਮੁੱਖ ਸਾਜਿਸ਼ਘਾੜਾ 23 ਸਾਲਾ ਜਸਪ੍ਰੀਤ ਸਿੰਘ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਹ ਬੱਚਾ ਖੰਨਾ ਨੇੜੇ ਪਿੰਡ ਸ਼ੀਹਾਂ ਦੌਦ ਦਾ ਰਹਿਣ ਵਾਲਾ ਸੀ।
ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਗੌਰਵ ਯਾਦਵ ਦੀ ਨਿਗਰਾਨੀ ਹੇਠ ਚੱਲ ਰਿਹਾ ਸੀ। DGP ਗੌਰਵ ਯਾਦਵ ਨੇ ਓਪਰੇਸ਼ਨ ‘ਚ ਸ਼ਾਮਲ ਪੂਰੀ ਪੁਲਿਸ ਟੀਮ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਪੁਲਿਸ ਮੁਤਾਬਕ, ਅਗਵਾਹਕਾਰਾਂ ਨੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਲਈ ਵੱਖ-ਵੱਖ ਗੁਪਤ ਰਸਤੇ ਵਰਤੇ। ਉਹਨਾਂ ਆਪਣੀਆਂ ਕਾਰਾਂ ਦੀ ਬਜਾਏ ਹੋਰ ਵਾਹਨਾਂ ਦੀ ਵਰਤੋਂ ਕੀਤੀ। ਪਟਿਆਲਾ ਦੇ DIG ਮੰਦੀਪ ਸਿੰਘ ਨੇ ਦੱਸਿਆ ਕਿ ਖੰਨਾ ਦੀ SSP ਜਯੋਤੀ ਯਾਦਵ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ।
6 ਸਾਲਾ ਭਵਕੀਰਤ ਸਿੰਘ ਨੂੰ ਬੁਧਵਾਰ ਸ਼ਾਮ 6:15 ਵਜੇ ਖੰਨਾ ‘ਚ ਅਗਵਾ ਕੀਤਾ ਗਿਆ ਸੀ। ਬੱਚਾ ਆਪਣੇ ਘਰ ਦੇ ਵਿਹੜੇ ‘ਚ ਖੇਡ ਰਿਹਾ ਸੀ, ਜਦ ਦੋ ਮਾਸਕ ਪਹਿਨੇ ਵਿਅਕਤੀ ਉਸ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਏ। ਮਾਮਲਾ ਪੁਲਿਸ ਤੱਕ ਪਹੁੰਚਣ ਉਪਰੰਤ, ਇਸ ਦੀ ਜਾਣਕਾਰੀ CM ਅਤੇ DGP ਨੂੰ ਦਿੱਤੀ ਗਈ।
ਪੁਲਿਸ ਨੇ ਤੁਰੰਤ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਨੂੰ ਅਲਰਟ ‘ਤੇ ਰੱਖਿਆ। ਰਾਤ 2 ਵਜੇ ਤੱਕ ਮਲੇਰਕੋਟਲਾ ਪੁਲਿਸ ਨੇ ਅਗਵਾਹਕਾਰਾਂ ਵਿੱਚੋਂ ਦੋ ਵਿਅਕਤੀਆਂ ਨੂੰ ਟਰੇਸ ਕਰ ਲਿਆ। ਪਰ, ਉਨ੍ਹਾਂ ਕੋਲ ਬੱਚਾ ਨਹੀਂ ਸੀ, ਜਿਸ ਕਾਰਨ ਪੁਲਿਸ ਦੀ ਚਿੰਤਾ ਵਧ ਗਈ। ਪੁਛਗਿੱਛ ਦੌਰਾਨ ਉਹਨਾਂ ਨੇ ਕਬੂਲਿਆ ਕਿ ਬੱਚਾ ਜਸਪ੍ਰੀਤ ਸਿੰਘ ਕੋਲ ਹੈ।
1 ਕਰੋੜ ਦੀ ਫ਼ਿਰੋਤੀ ਨਾਂ ਮਿਲਣ ‘ਤੇ ਬੱਚੇ ਨੂੰ ਮਾਰ ਦੇਣ ਦੀ ਯੋਜਨਾ
ਅਗਵਾਹਕਾਰ ਇਸ ਬੱਚੇ ਦੀ ਰਿਹਾਈ ਲਈ ਪਰਿਵਾਰ ਤੋਂ 1 ਕਰੋੜ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਪੁਲਿਸ ਵੱਲੋਂ ਫੜੇ ਜਾਣ ਤੋਂ ਪਹਿਲਾਂ ਹੀ ਬੱਚੇ ਨੂੰ ਮਾਰ ਦੇਣ ਦੀ ਯੋਜਨਾ ਬਣਾਈ ਹੋਈ ਸੀ। ਇਹ ਜਾਣਕਾਰੀ ਮਿਲਣ ਉਪਰੰਤ, ਪੁਲਿਸ ਨੇ ਤੁਰੰਤ ਐਕਸ਼ਨ ਲਿਆ ਅਤੇ 15 ਮਿੰਟ ਦੇ ਐਨਕਾਊਂਟਰ ਬਾਅਦ ਬੱਚੇ ਨੂੰ ਬਚਾ ਲਿਆ।