ਹਰਿਆਣਾ ‘ਚ ਅੱਜ ਤੋਂ ਅੰਤਰਰਾਜੀ ਬੱਸ ਸੇਵਾਵਾਂ ਸ਼ੁਰੂ, ਆਨਲਾਈਨ ਹੋਵੇਗੀ ਟਿਕਟਾਂ ਦੀ ਬੁਕਿੰਗ

TeamGlobalPunjab
2 Min Read

ਚੰਡੀਗੜ੍ਹ : ਹਰਿਆਣਾ ‘ਚ ਅੱਜ ਤੋਂ ਅੰਤਰਰਾਜੀ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਹਰਿਆਣਾ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਸੂਬੇ ਦੇ ਕਈ ਜ਼ਿਲ੍ਹਿਆ ‘ਚ ਬੱਸਾਂ ਚਲਾਈਆਂ ਗਈਆਂ ਸਨ। ਜਿਸ ਤੋਂ ਬਾਅਦ ਹੁਣ ਪਿੰਡਾਂ ‘ਚ 200 ਤੋਂ ਵੱਧ ਰੂਟਾਂ ‘ਤੇ ਬੱਸਾਂ ਚੱਲਣਗੀਆਂ। ਇਹ ਬੱਸਾਂ ਜਿਹੜੇ ਆਖਰੀ ਪਿੰਡ ‘ਚ ਯਾਤਰੀਆਂ ਨੂੰ ਛੱਡਣ ਜਾਣਗੀਆਂ ਉਸ ਪਿੰਡ ਹੀ ਇਨ੍ਹਾਂ ਬੱਸਾਂ ਦਾ ਆਖਰੀ ਸਟੋਪ ਹੋਵੇਗਾ ਅਤੇ ਅਗਲੇ ਦਿਨ ਉਸ ਪਿੰਡ ਦੇ ਯਾਤਰੀਆਂ ਨੂੰ ਲੈ ਕੇ ਬੱਸ ਉਸ ਪਿੰਡ ਤੋਂ ਹੀ ਚੱਲਣਗੀਆਂ।

ਇਸ ਦੇ ਨਾਲ ਹੀ ਜ਼ਿਲ੍ਹੇ ਦੇ ਲਗਭਗ 150 ਲੰਬੇ ਰੂਟਾਂ ਲਈ ਵੀ ਬੱਸ ਸੇਵਾ ਅੱਜ ਹੀ ਸ਼ੁਰੂ ਹੋਵੇਗੀ। ਇਹ ਬੱਸਾਂ ਵੱਖ ਵੱਖ ਜ਼ਿਲ੍ਹਿਆਂ ਤੋਂ ਦੇਹਰਾਦੂਨ, ਹਰਿਦੁਆਰ, ਰਿਸ਼ੀਕੇਸ਼, ਅਲੀਗੜ, ਅਲਵਰ, ਮਥੁਰਾ, ਅਜਮੇਰ, ਜੈਪੁਰ, ਚੁਰੂ, ਸੂਰਤਗੜ੍ਹ, ਜਲੰਧਰ, ਹੁਸ਼ਿਆਰਪੁਰ, ਸਰਦੂਲਗੜ, ਆਗਰਾ, ਬਾਲਸਮੰਦ, ਪਟਿਆਲਾ, ਅੰਮ੍ਰਿਤਸਰ ਅਤੇ ਕਟੜਾ ਆਦਿ ਰੂਟਾਂ ‘ਤੇ ਚੱਲਣਗੀਆਂ। ਲੰਬੇ ਰੂਟਾਂ ‘ਤੇ  ਚੱਲਣ ਵਾਲੀਆਂ ਬੱਸਾਂ ਲਈ ਟਿਕਟਾਂ ਦੀ ਬੁਕਿੰਗ ਸਿਰਫ ਆਨਲਾਈਨ ਹੋਵੇਗੀ। ਜਦੋਂ ਕਿ ਦਿਹਾਤੀ ਅਤੇ ਸਥਾਨਕ ਬੱਸਾਂ ਲਈ ਟਿਕਟਾਂ ਦੀ ਬੁਕਿੰਗ ਆਫਲਾਈਨ ਹੋਵੇਗੀ ਭਾਵ ਯਾਤਰੀਆਂ ਨੂੰ ਪਹਿਲਾਂ ਦੀ ਤਰ੍ਹ਼ਾਂ ਟਿਕਟਾਂ ਬੱਸ ਅੰਦਰ ਹੀ ਮਿਲਣਗੀਆਂ।

ਹਰਿਆਣਾ ਟ੍ਰਾਂਸਪੋਰਟ ਵਿਭਾਗ ਦੇ ਪੋਰਟਲ ‘ਤੇ ਇਸ ਦੀ ਬੁਕਿੰਗ ਬੁੱਧਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਬੱਸਾਂ ਦੀ ਸਮਾਂ ਸਾਰਣੀ ਵੀ ਹਰਿਆਣਾ ਟ੍ਰਾਂਸਪੋਰਟ ਵਿਭਾਗ ਦੇ ਪੋਰਟਲ ‘ਤੇ ਉਪਲਬਧ ਹੋਵੇਗੀ। ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਧਿਆਨ ‘ਚ ਰੱਖਦੇ ਹੋਏ ਇੱਕ ਬੱਸ ‘ਚ ਸਵਾਰ ਯਾਤਰੀਆਂ ਦੀ ਗਿਣਤੀ 30 ਤੋਂ 35 ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ ਲੌਕਡਾਊਨ ਕਾਰਨ ਬੱਸ ਸੇਵਾ ਬੰਦ ਹੋਣ ਕਾਰਨ ਹਰਿਆਣਾ ਰੋਡਵੇਜ਼ ਵਿਭਾਗ ਨੂੰ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ। ਇਸ ਲਈ ਸਰਕਾਰ ਹੁਣ ਬੱਸ ਸੇਵਾ ਹੌਲੀ-ਹੌਲੀ ਮੁੜ ਤੋਂ ਬਹਾਲ ਕਰਨਾ ਚਾਹੁੰਦੀ ਹੈ ਤਾਂ ਜੋ ਯਾਤਰੀਆਂ ਨੂੰ ਵੀ ਸਹੂਲਤ ਮਿਲੇ ਅਤੇ ਸਰਕਾਰ ਦੀ ਆਰਥਿਕ ਸਥਿਤੀ ‘ਚ ਵੀ ਸੁਧਾਰ ਆ ਸਕੇ।

Share this Article
Leave a comment