ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰੀਸ਼ਸ ਪਹੁੰਚ ਗਏ ਹਨ ਅਤੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਸਮੇਤ ਪ੍ਰਮੁੱਖ ਹਸਤੀਆਂ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ। ਪੀਐਮ ਨਵੀਨ ਨੇ ਪੀਐਮ ਮੋਦੀ ਨੂੰ ਹਾਰ ਪਹਿਨਾ ਕੇ ਗਲੇ ਲਗਾ ਕੇ ਉਨ੍ਹਾਂ ਦਾ ਦੇਸ਼ ਵਿੱਚ ਸਵਾਗਤ ਕੀਤਾ। ਇਸ ਦੌਰਾਨ ਪੀਐਮ ਮੋਦੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਨਾਲ ਉਪ ਪ੍ਰਧਾਨ ਮੰਤਰੀ, ਮਾਰੀਸ਼ਸ ਦੇ ਚੀਫ਼ ਜਸਟਿਸ, ਨੈਸ਼ਨਲ ਅਸੈਂਬਲੀ ਦੇ ਸਪੀਕਰ, ਵਿਰੋਧੀ ਧਿਰ ਦੇ ਨੇਤਾ, ਵਿਦੇਸ਼ ਮੰਤਰੀ, ਕੈਬਨਿਟ ਸਕੱਤਰ, ਗ੍ਰੈਂਡ ਪੋਰਟ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਹੋਰ ਬਹੁਤ ਸਾਰੇ ਲੋਕ ਪੀਐਮ ਮੋਦੀ ਦੇ ਸਵਾਗਤ ਲਈ ਮੌਜੂਦ ਸਨ। ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ‘ਤੇ ਕੁੱਲ 200 ਪਤਵੰਤੇ ਮੌਜੂਦ ਸਨ, ਜਿਨ੍ਹਾਂ ‘ਚ ਸੰਸਦ ਮੈਂਬਰ, ਵਿਧਾਇਕ, ਕੂਟਨੀਤਕ ਕੋਰ ਅਤੇ ਧਾਰਮਿਕ ਆਗੂ ਸ਼ਾਮਿਲ ਸਨ। ਆਪਣੀ ਯਾਤਰਾ ਦੌਰਾਨ, ਪੀਐਮ ਮੋਦੀ ਟਾਪੂ ਦੇਸ਼ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਕਰਨਗੇ।
ਮਾਰੀਸ਼ਸ ਦੇ ਆਪਣੇ ਦੋ ਦਿਨਾਂ ਦੌਰੇ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੇਗੀ। ਦਸਣਯੋਗ ਹੈ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਦੇ ਨਾਲ, ਭਾਰਤੀ ਰੱਖਿਆ ਬਲਾਂ ਦੀ ਇੱਕ ਟੁਕੜੀ ਦੇ ਨਾਲ-ਨਾਲ ਇੱਕ ਭਾਰਤੀ ਜਲ ਸੈਨਾ ਦਾ ਜਹਾਜ਼ ਵੀ ਸਮਾਰੋਹ ਵਿੱਚ ਹਿੱਸਾ ਲਵੇਗਾ।
ਮਾਰੀਸ਼ਸ ਨੂੰ ਮਿੰਨੀ ਭਾਰਤ ਵੀ ਕਿਹਾ ਜਾਂਦਾ ਹੈ ਅਤੇ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸਦੀ ਸੰਸਕ੍ਰਿਤੀ, ਪਰੰਪਰਾ ਅਤੇ ਆਬਾਦੀ ਦਾ ਇੱਕ ਵੱਡਾ ਹਿੱਸਾ ਭਾਰਤੀ ਮੂਲ ਦਾ ਹੈ। ਭਾਰਤ ਮਾਰੀਸ਼ਸ ਦਾ ਸਭ ਤੋਂ ਵੱਡਾ ਵਪਾਰਕ ਅਤੇ ਵਿਕਾਸ ਭਾਈਵਾਲ ਹੈ। ਪ੍ਰਧਾਨ ਮੰਤਰੀ ਮੋਦੀ ਦੀ ਇਸ ਫੇਰੀ ਦੌਰਾਨ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਦਸਤਖ਼ਤ ਹੋਣ ਦੀ ਉਮੀਦ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।