ਜਗਤਾਰ ਸਿੰਘ ਸਿੱਧੂ;
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਧਰਨੇ ਦਿੱਤੇ ਗਏ। ਕਿਸਾਨ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਵਿੱਚ ਮੰਨੀਆਂ ਮੰਗਾਂ ਲਾਗੂ ਕਰ। ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਚੰਡੀਗੜ੍ਹ ਵਿੱਚ ਕਿਸਾਨਾਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਸੀ ਪਰ ਉਹ ਮੀਟਿੰਗ ਬੇਸਿੱਟਾ ਰਹੀ ਅਤੇ ਉਸ ਬਾਅਦ ਕਿਸਾਨ ਅਤੇ ਸਰਕਾਰ ਮੰਗਾਂ ਦੇ ਮੁੱਦੇ ਉੱਤੇ ਆਹਮੋ ਸਾਹਮਣੇ ਹਨ।
ਕਿਸਾਨ ਆਗੂਆਂ ਨੇ ਪੰਜਾਬ ਵਿੱਚ ਧਰਨੇ ਲਾ ਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉੱਤੇ ਲਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਮਾਨ ਦੇ ਸੱਦੇ ਉੱਤੇ ਗੱਲਬਾਤ ਕਰਨ ਲਈ ਚੰਡੀਗੜ੍ਹ ਆਏ ਸਨ ਪਰ ਮੁੱਖ ਮੰਤਰੀ ਨੇ ਅੱਧੀਆਂ ਮੰਗਾਂ ਸੁਨਣ ਤੋਂ ਬਾਅਦ ਮੀਟਿੰਗ ਵਿੱਚੋਂ ਜਾਣ ਦਾ ਐਲਾਨ ਕਰ ਦਿੱਤਾ ਅਤੇ ਨਾਲ ਹੀ ਆਖ ਦਿੱਤਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਸੀ ਕਿ ਗੱਲਬਾਤ ਅਤੇ ਧਰਨੇ ਨਾਲੋਂ ਨਾਲ ਨਹੀਂ ਚਲ ਸਕਦੇ। ਕਿਸਾਨ ਆਗੂ ਮੁੱਖ ਮੰਤਰੀ ਦੇ ਬਿਆਨ ਨੂੰ ਚੁਣੌਤੀ ਦਿੰਦੇ ਹੋਏ ਆਖ ਰਹੇ ਹਨ ਕਿ ਉਹ ਪੰਦਰਾਂ ਮਾਰਚ ਨੂੰ ਚੰਡੀਗੜ੍ਹ ਆਕੇ ਕਿਸਾਨਾਂ ਨਾਲ ਬਹਿਸ ਕਰਨ ਤਾਂ ਕਿ ਪੰਜਾਬ ਨਾਲ ਸਬੰਧਤ ਮੰਗਾਂ ਦੇ ਹੋਣ ਜਾਂ ਨਾ ਹੋਣ ਦੀ ਸਚਾਈ ਦਾ ਪਤਾ ਲੱਗ ਸਕੇ । ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ ਪੰਜ ਫਸਲਾਂ ਬਾਰੇ ਮੁੱਖ ਮੰਤਰੀ ਨੇ ਫਸਲਾਂ ਦੀ ਘੱਟੋ-ਘੱਟ ਸਮਰਥਨ ਕੀਮਤ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਝੋਨੇ ਦੀ ਲ਼ੁਆਈ ਲਈ ਫਸਲਾਂ ਦੀ ਪ੍ਰਵਾਨਿਤ ਕਿਸਮ ਦੀ ਗੱਲ ਕਰਨੀ ਸੀ। ਕਿਸਾਨਾਂ ਦੀ ਕਰਜ਼ਾ ਮਾਫ਼ੀ ਦਾ ਮੁੱਦਾ ਸੀ। ਇਸ ਤਰ੍ਹਾਂ ਪੰਜਾਬ ਬਾਰੇ ਬਾਕੀ ਮੰਗਾਂ ਬਾਰੇ ਗੱਲਬਾਤ ਹੋਣੀ ਸੀ ਪਰ ਮੀਟਿੰਗ ਅੰਦਰ ਕੁੜੱਤਣ ਵਾਲਾ ਮਾਹੌਲ ਪੈਦਾ ਹੋਣ ਕਾਰਨ ਮੀਟਿੰਗ ਬੇਸਿੱਟਾ ਰਹੀ।
ਅਜਿਹੀ ਸਥਿਤੀ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਿੱਧੇ ਤੌਰ ਉੱਤੇ ਤਿੰਨ ਮੋਰਚੇ ਖੁੱਲ੍ਹ ਗਏ ਹਨ। ਇਕ ਸਾਲ ਦੇ ਵਧੇਰੇ ਸਮੇਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਕਿਸਾਨ ਜਥੇਬੰਦੀਆਂ ਨੇ ਮੰਗਾਂ ਨੂੰ ਲੈਕੇ ਅੰਦੋਲਨ ਚਲਾਇਆ ਹੋਇਆ ਹੈ ਅਤੇ ਹੁਣ ਸੰਯੁਕਤ ਕਿਸਾਨ ਮੋਰਚਾ ਵੀ ਸਿੱਧੇ ਤੌਰ ਤੇ ਮੈਦਾਨ ਵਿੱਚ ਆ ਗਿਆ ਹੈ।
ਇਹ ਵੀ ਅਹਿਮ ਹੈ ਕਿ ਅਗਲੇ ਦਿਨਾਂ ਵਿੱਚ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਆਗੂਆਂ ਦੀ ਕਿਸਾਨ ਮੰਗਾਂ ਬਾਰੇ ਕੇਂਦਰ ਸਰਕਾਰ ਦੇ ਆਗੂਆਂ ਨਾਲ ਮੀਟਿੰਗ ਹੋ ਰਹੀ ਹੈ। ਪਹਿਲੀਆਂ ਮੀਟਿੰਗਾਂ ਤਾਂ ਬੇਸਿੱਟਾ ਰਹੀਆਂ ਪਰ ਨਵੀਂ ਮੀਟਿੰਗ ਤੋਂ ਉਮੀਦਾਂ ਹਨ ਕਿ ਕੋਈ ਸਾਰਥਕ ਹੱਲ ਨਿਕਲੇਗਾ!
ਸੰਪਰਕ 9814002186