ਟੋਰਾਂਟੋ: ਕੈਨੇਡਾ ਵਿੱਚ ਵਧ ਰਹੇ ਖਰਚਿਆਂ ਨਾਲ ਜੂਝ ਰਹੇ ਪ੍ਰਵਾਸੀਆਂ ਅਤੇ ਨਿਊਕਮਰਸ ਨੂੰ ਵਧੇਰੇ ਆਮਦਨ ਮੁਹੱਈਆ ਕਰਵਾਉਣ ਲਈ, ਫੈਡਰਲ ਸਰਕਾਰ ਨੇ ਘੱਟੋ-ਘੱਟ ਉਜਰਤ ‘ਚ ਵੱਧੇ ਦਾ ਐਲਾਨ ਕੀਤਾ ਹੈ। ਫੈਡਰਲ ਸਰਕਾਰ ਨੇ ਐਲਾਨ ਨਾਲ 1 ਅਪ੍ਰੈਲ 2024 ਤੋਂ ਘੱਟੋ-ਘੱਟ ਉਜਰਤ ਦਰ 17.75 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਮੌਜੂਦਾ ਉਜਰਤ ਨਾਲ ਤੁਲਨਾ ਕਰੀਏ ਤਾਂ ਇਹ 2.4% ਵਧੇਗੀ।
ਸਰਕਾਰ ਮੁਤਾਬਕ, ਇਸ ਵਾਧੇ ਨਾਲ ਉਹਨਾਂ ਕਰਮਚਾਰੀਆਂ ਨੂੰ ਲਾਭ ਮਿਲੇਗਾ, ਜੋ ਫੈਡਰਲ ਤਹਿਤ ਆਉਣ ਵਾਲੇ ਨਿੱਜੀ ਖੇਤਰ ਵਿੱਚ ਕੰਮ ਕਰ ਰਹੇ ਹਨ। ਮਹਿੰਗਾਈ ਦੀ ਦਰ ਵਿੱਚ ਹੋ ਰਹੇ ਵਾਧੇ ਨੂੰ ਵੇਖਦੇ ਹੋਏ, ਇਸ ਵਾਧੇ ਨਾਲ ਆਰਜ਼ੀ, ਪਾਰਟ ਟਾਈਮ ਅਤੇ ਘੱਟ ਤਨਖ਼ਾਹ ਵਾਲੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਦੀ ਆਮਦਨ ਵਿੱਚ ਸੁਧਾਰ ਆਵੇਗਾ।
ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ 1 ਅਪ੍ਰੈਲ ਤੋਂ ਨਵੀਂ ਉਜਰਤ ਦਰ ਲਾਗੂ ਕਰਨ ਲਈ, ਕੰਪਨੀਆਂ ਨੂੰ ਆਪਣੀ ਤਨਖ਼ਾਹ ਦੀ ਗਣਨਾ ਅਨੁਸਾਰ ਠੀਕ ਕਰਨੀ ਪਵੇਗੀ। ਇਸ ਤੋਂ ਇਲਾਵਾ, ਜੇਕਰ ਕਿਸੇ ਪ੍ਰਾਂਤ ਜਾਂ ਖੇਤਰ ਦੀ ਘੱਟੋ-ਘੱਟ ਉਜਰਤ ਦਰ ਫੈਡਰਲ ਦਰ ਤੋਂ ਵੱਧ ਹੋਵੇਗੀ, ਤਾਂ ਕੰਪਨੀ ਨੂੰ ਉੱਚੀ ਦਰ ਅਨੁਸਾਰ ਹੀ ਤਨਖ਼ਾਹ ਦੇਣੀ ਪਵੇਗੀ।
ਕੈਨੇਡਾ ਦੇ ਰੋਜ਼ਗਾਰ, ਕਰਮਚਾਰੀ ਵਿਕਾਸ ਅਤੇ ਮਿਹਨਤ ਮੰਤਰਾਲੇ ਦੇ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ, “ਘੱਟੋ-ਘੱਟ ਫੈਡਰਲ ਉਜਰਤ ਦਰ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਵਪਾਰਕ ਸੰਸਥਾਵਾਂ ਨੂੰ ਇੱਕ ਸਥਿਰਤਾ ਅਤੇ ਭਰੋਸੇਯੋਗਤਾ ਮਿਲਦੀ ਹੈ। ਇਹ ਆਮਦਨ ਵਿੱਚ ਹੋਣ ਵਾਲੀ ਅਸਮਾਨਤਾ ਨੂੰ ਵੀ ਘਟਾਉਂਦੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ “ਅੱਜ ਦੇ ਇਹ ਵਾਧੇ ਇੱਕ ਨਿਆਂਪੂਰਨ ਅਤੇ ਮਜ਼ਬੂਤ ਅਰਥਵਿਵਸਥਾ ਵੱਲ ਇੱਕ ਹੋਰ ਕਦਮ ਹੈ।”
ਜ਼ਿਕਰਯੋਗ ਹੈ ਕਿ ਹਰ ਸਾਲ, ਅਪ੍ਰੈਲ ਦੀ ਸ਼ੁਰੂਆਤ ਵਿੱਚ ਫੈਡਰਲ ਘੱਟੋ-ਘੱਟ ਉਜਰਤ ਦਰ ਦਾ ਰਿਵਿਊ ਕੀਤਾ ਜਾਂਦਾ ਹੈ।