ਜਗਤਾਰ ਸਿੰਘ ਸਿੱਧੂ;
ਪੰਜਾਬ ਅਗਲੇ ਦਿਨਾਂ ਲਈ ਇਕ ਹੋਰ ਚੋਣ ਯੁੱਧ ਲਈ ਤਿਆਰ ਹੋ ਰਿਹਾ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਖਾਲੀ ਹੋਈ ਸੀਟ ਲਈ ਆਪ ਵਲੋਂ ਸੰਜੀਵ ਅਰੋੜਾ ਨੂੰ ਬਕਾਇਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਅਰੋੜਾ ਰਾਜ ਸਭਾ ਮੈਂਬਰ ਹਨ ਅਤੇ ਲੁਧਿਆਣਾ ਦੇ ਕਾਰੋਬਾਰੀ ਹਨ। ਕੈਂਸਰ ਵਿਰੁੱਧ ਲੜਾਈ ਵਿੱਚ ਅਰੋੜਾ ਦਾ ਅਹਿਮ ਯੋਗਦਾਨ ਹੈ ਅਤੇ ਉਨਾਂ ਨੇ ਕੈਸਰ ਦੀ ਮਾਰ ਤੋਂ ਕਈ ਮਰੀਜ਼ਾਂ ਦੀ ਜਾਨ ਬਚਾਈ ਹੈ। ਲੁਧਿਆਣਾ ਦੇ ਇਕ ਵੱਡੇ ਹਸਪਤਾਲ ਦੇ ਪ੍ਰਬੰਧਕੀ ਬੋਰਡ ਵਿਚ ਸੀਨੀਅਰ ਪੁਜ਼ੀਸ਼ਨ ਤੇ ਹਨ। ਇਸ ਲਿਹਾਜ਼ ਨਾਲ ਆਪ ਨੇ ਕਈ ਪਹਿਲੂਆਂ ਤੋਂ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ।ਲੁਧਿਆਣਾ ਪੰਜਾਬ ਦਾ ਵੱਡਾ ਸਨਅਤੀ ਸ਼ਹਿਰ ਹੈ ਅਤੇ ਰਾਜਸੀ ਤੌਰ ਤੇ ਅਹਿਮੀਅਤ ਰੱਖਦਾ ਹੈ। ਹਾਲਾਂਕਿ ਕਿ ਲੁਧਿਆਣਾ ਦੀ ਇਕ ਸੀਟ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡੀ ਅਹਿਮੀਅਤ ਨਹੀਂ ਰੱਖਦੀ ਪਰ ਹਾਕਮ ਧਿਰ ਲਈ ਇਕ ਇਮਤਿਹਾਨ ਵਜੋਂ ਇਸ ਨੂੰ ਵੇਖਿਆ ਜਾ ਰਿਹਾ ਹੈ।
ਇਸ ਬਾਰੇ ਕੋਈ ਦੋ ਰਾਏ ਨਹੀਂ ਹੈ ਕਿ ਰਾਜ ਸਭਾ ਮੈਂਬਰ ਨੂੰ ਵਿਧਾਨ ਸਭਾ ਚੋਣ ਲੜਨ ਦੀ ਜਿੰਮੇਵਾਰੀ ਦੇਣ ਦਾ ਅਰਥ ਇਹ ਵੀ ਹੈ ਕਿ ਆਪ ਨੇ ਇਸ ਲੜਾਈ ਨੂੰ ਬਹੁਤ ਸੰਜੀਦਗੀ ਨਾਲ ਲਿਆ ਹੈ ।ਕਿਹਾ ਜਾ ਰਿਹਾ ਹੈ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁਲਾਕੇ ਪਾਰਲੀਮੈਟ ਮੈਂਬਰ ਅਰੋੜਾ ਨੂੰ ਨਵੀਂ ਜਿੰਮੇਵਾਰੀ ਸੌਂਪੀ ਹੈ ਅਤੇ ਨਾਲ ਹੀ ਇਹ ਕਿਹਾ ਹੈ ਕਿ ਅਰੋੜਾ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ।
ਜਿਵੇਂ ਹੀ ਅਰੋੜਾ ਨੂੰ ਆਪ ਵਲੋਂ ਉਮੀਦਵਾਰ ਬਨਾਉਣ ਦਾ ਐਲਾਨ ਕੀਤਾ ਗਿਆ ਤਾਂ ਵਿਰੋਧੀ ਧਿਰਾਂ ਨੇ ਘਮਸਾਨ ਮਚਾ ਦਿੱਤਾ। ਖਾਸ ਤੌਰ ਤੇ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਆਪ ਵਿਰੁੱਧ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਕਾਂਗਰਸ ਦੇ ਕੁਝ ਆਗੂਆਂ ਨੇ ਵੀ ਸਖਤ ਟਿੱਪਣੀਆਂ ਕੀਤੀਆਂ ਹਨ। ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਜ ਸਭਾ ਦੀ ਸੀਟ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਖਾਲੀ ਕੀਤੀ ਜਾ ਰਹੀ ਹੈ। ਦਿੱਲੀ ਵਿੱਚ ਆਪ ਨੂੰ ਹੋਈ ਹਾਰ ਬਾਅਦ ਵਿਰੋਧੀ ਆਗੂ ਲਗਾਤਾਰ ਦੋਸ਼ ਲਾ ਰਹੇ ਹਨ ਕਿ ਆਪ ਦੇ ਆਗੂ ਪੰਜਾਬ ਵਿੱਚ ਦਖਲ ਦੇ ਰਹੇ ਹਨ।ਇਸ ਲਈ ਅਰੋੜਾ ਨੂੰ ਲੁਧਿਆਣਾ ਦੀ ਸੀਟ ਤੋਂ ਚੋਣ ਲੜਾਉਣ ਨੂੰ ਕੇਜਰੀਵਾਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ । ਹਾਲਾਂਕਿ ਕਿ ਆਪ ਦੇ ਕਈ ਬੁਲਾਰਿਆਂ ਨੇ ਕੇਜਰੀਵਾਲ ਵਲੋਂ ਰਾਜਸਭਾ ਦੀ ਸੀਟ ਤੇ ਜਾਣ ਦੇ ਵਿਰੋਧੀਆਂ ਦੇ ਦਾਅਵੇ ਨੂੰ ਸਪੱਸ਼ਟ ਤੌਰ ਤੇ ਰੱਦ ਕੀਤਾ ਗਿਆ ਹੈ । ਇਸ ਮਾਮਲੇ ਦਾ ਦੂਜਾ ਪਹਿਲੂ ਵੀ ਅਹਿਮ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਰਾਜ ਸਭਾ ਲਈ ਕੌਮੀ ਪਾਰਟੀਆਂ ਆਪਣੇ ਆਗੂਆਂ ਦੀ ਚੋਣ ਕਿਵੇਂ ਕਰਦੀਆਂ ਹਨ। ਮਿਸਾਲ ਵਜੋਂ ਡਾ ਮਨਮੋਹਣ ਸਿੰਘ ਮੁਲਕ ਦੇ ਪ੍ਰਧਾਨ ਮੰਤਰੀ ਹੋਏ ਹਨ। ਉਨਾਂ ਨੂੰ ਰਾਜ ਸਭਾ ਲਈ ਕਿਸੇ ਸੂਬੇ ਤੋਂ ਚੋਣ ਲੜਾਉਣ ਦਾ ਫੈਸਲਾ ਪਾਰਟੀ ਕਰਦੀ ਸੀ। ਕੋਈ ਪਾਰਟੀ ਹੀ ਤੈਅ ਕਰਦੀ ਹੈ ਕਿ ਕੌਮੀ ਪੱਧਰ ਤੇ ਕਿਸ ਨੇਤਾ ਨੂੰ ਭੇਜਣਾ ਬੇਹਤਰ ਹੋਵੇਗਾ।
ਸੰਪਰਕ 9814002186