ਜਗਤਾਰ ਸਿੰਘ ਸਿੱਧੂ
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਅਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਠਿੰਡਾ ਵਿਖੇ ਹੋਈ ਮੁਲਾਕਾਤ ਦੀ ਰਾਜਸੀ ਅਤੇ ਧਾਰਮਿਕ ਹਲਕਿਆਂ ਵਿੱਚ ਤਕੜੀ ਚਰਚਾ ਛਿੜੀ ਹੋਈ ਹੈ । ਹਾਲਾਂਕਿ ਦੋਵਾਂ ਧਾਰਮਿਕ ਆਗੂਆਂ ਨੇ ਅਧਿਕਾਰਤ ਤੌਰ ਤੇ ਕੁਝ ਵੀ ਨਹੀਂ ਕਿਹਾ ਪਰ ਇਹ ਮੁਲਾਕਾਤ ਉਸ ਵੇਲੇ ਹੋਈ ਹੈ ਜਦੋਂ ਸਿੰਘ ਸਾਹਿਬਾਨ ਦੇ ਦੋ ਦਸੰਬਰ ਦੇ ਲਏ ਫੈਸਲਿਆਂ ਨੂੰ ਲਾਗੂ ਕਰਨ ਨੂੰ ਲੈਕੇ ਤਕੜਾ ਘਮਸਾਨ ਪਿਆ ਹੋਇਆ ਹੈ ।ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤੀਹ ਦਸੰਬਰ ਨੂੰ ਅੰਤ੍ਰਿਗ ਕਮੇਟੀ ਦੀ ਅਮ੍ਰਿਤਸਰ ਮੀਟਿੰਗ ਸੱਦੀ ਗਈ ਹੈ । ਬੇਸ਼ਕ ਮੀਟਿੰਗ ਦਾ ਕੋਈ ਏਜੰਡਾ ਸਾਹਮਣੇ ਨਹੀਂ ਆਇਆ ਹੈ ਪਰ ਸਮਝਿਆ ਜਾਂਦਾ ਹੈ ਕਿ ਇਹ ਮੀਟਿੰਗ ਵੀ ਇਸੇ ਘਮਸਾਨ ਦੀ ਕੜੀ ਹੈ ।
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਵਲੋ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅਕਾਲੀ ਨੇਤਾਵਾਂ ਬਾਰੇ ਸੁਣਾਏ ਫੈਸਲਿਆਂ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ । ਉਸ ਵੇਲੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਾਈ ਤਨਖ਼ਾਹ ਸਮੇਂ ਤਿੰਨ ਦਿਨ ਦੇ ਅੰਦਰ ਹੀ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਪ੍ਰਵਾਨ ਕਰਨ ਦਾ ਫੈਸਲਾ ਵੀ ਲਿਆ ਗਿਆ ਸੀ । ਧਾਰਮਿਕ ਤਨਖ਼ਾਹ ਲਾਗੂ ਹੋ ਗਈ ਹੈ ਪਰ ਕੋਰ ਕਮੇਟੀ ਨੇ ਅਸਤੀਫ਼ਾ ਪ੍ਰਵਾਨ ਕਰਨ ਦਾ ਮਾਮਲਾ ਨਵੇਂ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਹੈ । ਹਾਲਾਂਕਿ ਅਜੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਅਸਤੀਫਾ ਪ੍ਰਵਾਨ ਵੀ ਹੋਣਾ ਹੈ ਕਿ ਨਹੀਂ? ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਲੱਗੇ ਦੋਸ਼ਾਂ ਕਾਰਨ ਪਹਿਲਾਂ ਹੀ ਪੰਦਰਾਂ ਦਿਨ ਲਈ ਜਾਂਚ ਦੇ ਮਾਮਲੇ ਨੂੰ ਲੈ ਕੇ ਆਹੁਦੇ ਤੋਂ ਪਾਸੇ ਕਰ ਚੁੱਕੀ ਹੈ । ਕਿਹਾ ਜਾ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫ਼ੈਸਲੇ ਤੋਂ ਨਾ ਖੁਸ਼ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਕਈ ਹੋਰ ਆਗੂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਈ ਵਾਰ ਕਰ ਚੁੱਕੇ ਹਨ ਅਤੇ ਕੁਝ ਦਿਨ ਪਹਿਲਾਂ ਮਾਛੀਵਾੜਾ ਸਾਹਿਬ ਵਿਖੇ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਹੀ ਮੁਲਾਕਾਤ ਹੋਈ ਸੀ ।
ਇਸ ਸਾਰੇ ਘਟਨਾਕ੍ਰਮ ਦੇ ਚਲਦਿਆਂ ਕਿਹਾ ਜਾ ਰਿਹਾ ਹੈ ਕਿ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਨੂੰ ਅਹਿਮੀਅਤ ਨਾਲ ਵੇਖਿਆ ਜਾ ਰਿਹਾ ਹੈ । ਡੇਰਾ ਬਿਆਸ ਮੁਖੀ ਦੇ ਬਾਦਲ ਪਰਿਵਾਰ ਨਾਲ ਵੀ ਬਹੁਤ ਚੰਗੇ ਸਬੰਧ ਮੰਨੇ ਜਾਂਦੇ ਹਨ।ਇਹ ਸਵਾਲ ਵੀ ਉੱਠ ਰਿਹਾ ਹੈ ਕਿ ਕੀ ਡੇਰਾ ਮੁਖੀ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਲੀਡਰਸ਼ਿਪ ਵਿਚਕਾਰ ਤਿੱਖੇ ਮਤਭੇਦਾਂ ਨੂੰ ਸੁਲਝਾਉਣ ਲਈ ਮਿਲੇ ਸਨ? ਗਿਆਨੀ ਹਰਪ੍ਰੀਤ ਸਿੰਘ ਇਹ ਵੀ ਸਪਸ਼ਟ ਆਖ ਚੁੱਕੇ ਹਨ ਕਿ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਵੱਲੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਫ਼ੈਸਲਿਆਂ ਬਾਰੇ ਕਿਸੇ ਤਰ੍ਹਾਂ ਦੀ ਤਬਦੀਲੀ ਵਾਲੀ ਸਿੰਘ ਸਾਹਿਬਾਨ ਦੀ ਸੱਦੀ ਮੀਟਿੰਗ ਦਾ ਹਿੱਸਾ ਨਹੀਂ ਬਨਣਗੇ । ਹੁਣ ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਮੁਖੀ ਦੀ ਮੁਲਾਕਾਤ ਵਿਚ ਇਹ ਸਾਰੇ ਮਾਮਲਿਆਂ ਉੱਪਰ ਵਿਚਾਰ ਹੋਣ ਦੀ ਚਰਚਾ ਹੈ ਪਰ ਇਹ ਚਰਚਾ ਬੰਦ ਕਮਰੇ ਤੋਂ ਬਾਹਰ ਸੰਭਾਵਨਾਵਾਂ ਨੂੰ ਲੈਕੇ ਹੀ ਹੋ ਰਹੀ ਹੈ ।
ਮੀਡੀਆ ਅੰਦਰ ਇਹ ਵੀ ਰਿਪੋਰਟ ਹੈ ਕਿ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਡੇਰਾ ਬਿਆਸ ਮੁਖੀ ਦੇ ਨਾਲ ਸਨ । ਇਸ ਸਥਿਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਥਕ ਮਾਮਲਿਆਂ ਉੱਪਰ ਵਿਚਾਰ-ਵਟਾਂਦਰਾ ਹੋਣ ਦੀ ਵਧੇਰੇ ਉਮੀਦ ਕੀਤੀ ਜਾ ਸਕਦੀ ਹੈ ।
ਸੰਪਰਕ 9814002186