ਨਿਊਜ਼ ਡੈਸਕ : ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਸੰਬੰਧ ‘ਚ ਦਿੱਲੀ ਵੱਲ ਪੈਦਲ ਕੂਚ ਕਰਨ ਦੇ ਐਲਾਨ ਸਬੰਧੀ ਸ਼ੁੱਕਰਵਾਰ ਦੁਪਹਿਰ ਕਰੀਬ 1 ਵਜੇ 101 ਮਰਜੀਵੜਿਆਂ ਦੀ ਫੌਜ ਦਾ ਜਥਾ ਦਿੱਲੀ ਰਵਾਨਾ ਹੋ ਗਿਆ ਹੈ। ਹਰਿਆਣਾ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ‘ਤੇ ਸਪਰੇਅ ਦਾ ਛਿੜਕਾਅ ਕਰ ਰਹੀ ਹੈ। ਪੁਲਿਸ ਨੇ ਮੀਡੀਆ ਨੂੰ ਵੀ ਉਥੋਂ ਪਿੱਛੇ ਹਟਣ ਲਈ ਕਿਹਾ ਹੈ। ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਅੜੇ ਹੋਏ ਹਨ। ਦੂਜੇ ਪਾਸੇ ਹਰਿਆਣਾ ਪੁਲਿਸ ਕਹਿ ਰਹੀ ਹੈ ਕਿ ਕਿਸਾਨ ਪਹਿਲਾਂ ਦਿੱਲੀ ਪੁਲਿਸ ਤੋਂ ਇਜਾਜ਼ਤ ਲੈ ਕੇ ਆਉਣ।
ਇਕ ਕਿਸਾਨ ਬੈਰੀਕੇਡਿੰਗ ‘ਤੇ ਬਣੇ ਸ਼ੈੱਡ ‘ਤੇ ਚੜ੍ਹ ਗਿਆ। ਪੁਲਿਸ ਨੇ ਉਸ ਨੂੰ ਚੇਤਾਵਨੀ ਦੇ ਕੇ ਹੇਠਾਂ ਉਤਾਰ ਦਿੱਤਾ। ਇਸ ਤੋਂ ਪਹਿਲਾਂ ਜਦੋਂ ਕੁਝ ਕਿਸਾਨ ਲੋਹੇ ਦੀ ਗਰਿੱਲ ’ਤੇ ਚੜ੍ਹੇ ਤਾਂ ਉਨ੍ਹਾਂ ’ਤੇ ਛਿੜਕਾਅ ਕੀਤਾ ਗਿਆ ਜਿਸ ਕਾਰਨ ਅੱਖਾਂ ਵਿੱਚ ਜਲਣ ਹੋ ਰਹੀ ਹੈ। ਕਿਸਾਨਾਂ ਅਨੁਸਾਰ ਸਪਰੇਅ ਮਿਰਚ ਆਧਾਰਿਤ ਸੀ।
ਅੰਬਾਲਾ ਦੀ ਹਦੂਦ ਅੰਦਰ ਪੈਂਦੇ ਪਿੰਡ ਡੰਗਦੇਹਰੀ, ਲੋਹਗੜ੍ਹ, ਮਾਣਕਪੁਰ, ਡਡਿਆਣਾ, ਬਾਰੀ ਘੇਲ, ਲੁਹਾਰਾਂ, ਕਾਲੂ ਮਾਜਰਾ, ਦੇਵੀ ਨਗਰ, ਸੱਦੋਪੁਰ, ਸੁਲਤਾਨਪੁਰ ਅਤੇ ਕਾਕਰੂ ਦੇ ਖੇਤਰਾਂ ਵਿੱਚ ਇੰਟਰਨੈੱਟ ਸੇਵਾ ਬੰਦ ਰਹੇਗੀ। ਇੰਟਰਨੈੱਟ ਸੇਵਾ ਅੱਜ ਤੋਂ 9 ਦਸੰਬਰ ਤੱਕ ਬੰਦ ਰਹੇਗੀ। ਸੂਬਾ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।