ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਹਿੰਦੂ ਪੁਜਾਰੀਆਂ ਦੀਆਂ ਗ੍ਰਿਫਤਾਰੀਆਂ ਸਮੇਤ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਵਿਰੁੱਧ ਅੱਤਿਆਚਾਰ ਦੀਆਂ ਚਿੰਤਾਜਨਕ ਰਿਪੋਰਟਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਪੰਜਾਬ ਪ੍ਰਧਾਨ ਅਤੇ ‘ਆਪ’ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਵੀ ਭਾਈਚਾਰੇ ਵਿਰੁੱਧ ਅਜਿਹੀ ਕਾਰਵਾਈਆਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬਹੁਤ ਦੁਖਦਾਈ ਅਤੇ ਅਸਵੀਕਾਰਨਯੋਗ ਹਨ।
ਮੀਡੀਆ ਸਰੋਤਾਂ ਰਾਹੀਂ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਦੁਰਦਸ਼ਾ ਦੀ ਖਬਰ ਦਿਲ ਕੰਬਾਊ ਹੈ। ਕਿਸੇ ਵੀ ਭਾਈਚਾਰੇ ਵਿਰੁੱਧ ਹਿੰਸਾ ਸਦਭਾਵਨਾ ਅਤੇ ਆਪਸੀ ਸਨਮਾਨ ਦੇ ਸਿਧਾਂਤਾਂ ਨੂੰ ਕਮਜ਼ੋਰ ਕਰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਹਰ ਦੇਸ਼ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਘੱਟ ਗਿਣਤੀਆਂ ਦੀ ਰੱਖਿਆ ਕਰੇ ਅਤੇ ਸਹਿਹੋਂਦ ਦੀ ਭਾਵਨਾ ਨੂੰ ਕਾਇਮ ਰੱਖੇ।
‘ਆਪ’ ਨੇ ਇਸ ਮੁੱਦੇ ਬਾਰੇ ਹਿੰਦੂਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਕੇਂਦਰ ਸਰਕਾਰ ਦੀ ਢਿੱਲ ਅਤੇ ਲਾਪਰਵਾਹੀ ਦੀ ਆਲੋਚਨਾ ਕੀਤੀ।ਪਾਰਟੀ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਸਨਮਾਨ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ (ਐਮਈਏ) ਤੋਂ ਤੁਰੰਤ ਦਖਲ ਦੀ ਮੰਗ ਕਰਦੀ ਹੈ।
ਬੰਗਲਾਦੇਸ਼ ਵਿੱਚ ਹਿੰਦੂਆਂ ਵਿੱਚ ਵਧ ਰਹੇ ਡਰ ਅਤੇ ਅਤਿਆਚਾਰ ਪ੍ਰਤੀ ਕੇਂਦਰ ਸਰਕਾਰ ਦੀ ਧੀਮੀ ਪ੍ਰਤੀਕਿਰਿਆ ਅਤੇ ਉਦਾਸੀਨਤਾ ਅਸਵੀਕਾਰਨਯੋਗ ਹੈ। ਅਰੋੜਾ ਨੇ ਕਿਹਾ ਕਿ ਐਮਈਏ ਅਤੇ ਭਾਰਤੀ ਕੌਂਸਲੇਟਾਂ ਨੂੰ ਸਰਗਰਮ ਕਦਮ ਚੁੱਕਣੇ ਚਾਹੀਦੇ ਹਨ, ਬੰਗਲਾਦੇਸ਼ੀ ਸਰਕਾਰ ਨਾਲ ਇਹ ਚਿੰਤਾਵਾਂ ਉਠਾਉਣੀਆਂ ਚਾਹੀਦੀਆਂ ਹਨ, ਅਤੇ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ।
ਆਮ ਆਦਮੀ ਪਾਰਟੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਰਹੱਦਾਂ ਦੇ ਪਾਰ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ‘ਤੇ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ। ਅਮਨ ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਮੁੱਦਾ ਸਿਆਸੀ ਸੀਮਾਵਾਂ ਤੋਂ ਉਪਰ ਹੈ ਅਤੇ ਨਫ਼ਰਤੀ ਅਪਰਾਧਾਂ ਅਤੇ ਵਿਤਕਰੇ ਵਿਰੁੱਧ ਇਕਜੁੱਟ ਹੋਣ ਦੀ ਮੰਗ ਕਰਦਾ ਹੈ।
ਅਰੋੜਾ ਨੇ ਅੱਗੇ ਕਿਹਾ ਕਿ ਭਾਰਤ ਨੇ ਸੰਕਟ ਦੇ ਸਮੇਂ ਵਿੱਚ ਬੰਗਲਾਦੇਸ਼ ਦਾ ਲਗਾਤਾਰ ਸਮਰਥਨ ਕੀਤਾ ਹੈ, ਭਾਵੇਂ ਇਹ ਵਿੱਤੀ ਸਹਾਇਤਾ ਦੇ ਜ਼ਰੀਏ ਹੋਵੇ ਜਾਂ ਖੇਤਰ ਵਿੱਚ ਸਮਾਜਿਕ ਸਥਿਰਤਾ ਨੂੰ ਯਕੀਨੀ ਬਣਾਉਣਾ ਹੋਵੇ। ਭਾਰਤ ਇੱਕ ਭਰੋਸੇਮੰਦ ਸਹਿਯੋਗੀ ਵਜੋਂ ਬੰਗਲਾਦੇਸ਼ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਇਸ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਦੇ ਮੱਦੇਨਜ਼ਰ, ਬੰਗਲਾਦੇਸ਼ ਨੂੰ ਆਪਣੀ ਹਿੰਦੂ ਘੱਟ ਗਿਣਤੀ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਬੰਗਲਾਦੇਸ਼ ਸਰਕਾਰ ਨੂੰ ਉਥੋਂ ਦੇ ਹਿੰਦੂਆਂ ਦੇ ਅਧਿਕਾਰਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।