ਪੰਧੇਰ ਨੇ ਦੱਸਿਆ ਦਿੱਲੀ ਕੂਚ ਦਾ ਪਲਾਨ, 6 ਨੂੰ ਸ਼ਾਂਤਮਈ ਤਰੀਕੇ ਨਾਲ ਪੈਦਲ ਰਵਾਨਾ ਹੋਵੇਗਾ ਜੱਥਾ

Global Team
4 Min Read

ਚੰਡੀਗੜ੍ਹ:  ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੈਤਿਕ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਕੀਤੀ।  ਕਿਸਾਨ ਨੇਤਾ ਸਰਵਣ  ਸਿੰਘ ਪੰਧੇਰ ਨੇ ਆਉਣ ਵਾਲੀ 6 ਤਰੀਕ ਤੋ ਸ਼ੰਭੂ ਮੋਰਚੇ ਤੋਂ ਮਰਜ਼ੀਵੜੇ (ਮਰਣ ਲਈ ਤਿਆਰ) ਜੱਥਿਆ ਦੇ ਦਿੱਲੀ ਕੂਚ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਰਜੀਵੜੇ ਜੱਥੇ ਸ਼ੰਭੂ ਤੋਂ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਪੈਦਲ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜੱਥਾ ਸਿਰਫ ਲੋੜੀਂਦਾ ਸਮਾਨ ਲੈ ਕੇ ਅੱਗੇ ਨੂੰ ਵਧੇਗਾ। ਮਰਜੀਵੜੇ ਜੱਥੇ ਦੀ ਅਗਵਾਈ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਣ  ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣੇ ਦੇ ਖੇਤੀਬਾੜੀ ਮੰਤਰੀ ਤੇ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਪੈਦਲ  ਜਥੇ ਨੂੰ ਰੋਕਿਆ ਨਹੀ ਜਾਵੇਗਾ ਬੀਜੇਪੀ ਦੇ ਨੇਤਾ ਆਵਦੇ ਬਿਆਨ ਤੇ ਪੱਕੇ ਰਹਿਣ।

ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਮਰਜੀਵੜਿਆਂ (ਮਰਣ ਲਈ ਤਿਆਰ) ਦੇ ਸਮੂਹ ਵਜੋਂ ਪਹਿਲੀ ਲਾਈਨ ਵਿੱਚ ਚੱਲਣਗੇ। ਹੋਰ ਕਿਸਾਨ ਉਨ੍ਹਾਂ ਦੀ ਪਾਲਣਾ ਕਰਨਗੇ। ਜਿੱਥੇ ਵੀ ਰਾਤ ਹੋਵੇਗੀ, ਕਿਸਾਨ ਸੜਕ ‘ਤੇ ਹੀ ਡੇਰੇ ਲਗਾ ਲੈਣਗੇ। ਸਵੇਰ ਹੁੰਦੇ ਹੀ ਅਸੀਂ ਮੁੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ।ਸ਼ੰਭੂ ਬਾਰਡਰ ਤੋਂ ਪਹਿਲੇ ਜਥੇ ਦੀ ਅਗਵਾਈ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਸੁਰਜੀਤ ਸਿੰਘ ਫੂਲ ਅੱਤੇ ਬਲਜਿੰਦਰ ਸਿੰਘ ਚੰਡਿਆਲਾ ਕਰਨਗੇ। ਦਿੱਲੀ ਕੂਚ ਦੇ ਪਹਿਲੇ ਚਾਰ ਪੜਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਹੁਣਾਂ ਨੇ ਕਿਹਾ ਕਿ ਰੋਜ਼ ਜੱਥਾ 9 ਵਜੇ ਤੋਂ 5 ਵਜੇ ਤੱਕ ਪੈਦਲ ਯਾਤਰਾ ਕਰੇਗਾ। ਪਹਿਲਾ ਪੜਾਅ ਅੰਬਾਲਾ ਦੇ ਜੱਗੀ ਸਿਟੀ ਸੈਂਟਰ ਵਿਖੇ ਹੋਵੇਗਾ, ਦੂਸਰਾ ਪੜਾਅ  ਮੋਹੜਾ (ਅੰਬਾਲਾ) ਵਿੱਖੇ ਹੋਵੇਗਾ ਅੱਗੇ ਚੱਲ ਤੀਸਰਾ ਪੜਾਅ  ਖਾਨਪੁਰ ਜੱਟਾ ਤਿਉੜਾ ਥੇਹ ਵਿਖੇ ਅਤੇ ਅਗਲਾ ਪੜਾਅ ਪਿੱਪਲੀ ਵਿੱਖੇ ਹੋਵੇਗਾ। ਉਹਨਾਂ ਕਿਹਾ ਇਸ ਦੌਰਾਨ ਜੱਥਾ ਸਾਰੀਆਂ ਠੰਡੀਆਂ ਰਾਤਾਂ ਸੜਕ ਉੱਤੇ ਕੱਟੇਗਾ ਅਤੇ ਦੋਨੋਂ ਮੋਰਚਿਆਂ ਵੱਲੋਂ ਉਹ ਹਰਿਆਣਾ ਦੀ ਸੰਗਤ ਅੱਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਪਹੁੰਚ ਕੇ ਜਥੇ ਦੇ ਰੁਕ ਰਕਾਬ ਦਾ ਪ੍ਰਬੰਧ ਕਰਨ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਮਰਜੀਵੜਾ ਜੱਥਾ ਸਿਰ ਤੇ ਕਫਨ ਬੰਨ ਕੇ ਨਿਕਲੇਗਾ ਅਤੇ ਸਰਕਾਰ ਵੱਲੋਂ ਕੀਤੇ ਗਏ ਹਰ ਜ਼ੁਲਮ ਅੱਤੇ ਜ਼ਬਰ ਦਾ ਸਬਰ ਸੰਤੋਖ ਨਾਲ ਸਾਹਮਣਾ ਕਰੇਗਾ ਅਤੇ ਦਿੱਲੀ ਵੱਲ ਕੂਚ ਕਰੇਗਾ। ਉਹਨਾਂ ਪੰਜਾਬ ਅਤੇ ਹਰਿਆਣੇ ਦੇ ਆਮ ਜਨਤਾ ਨੂੰ ਵੀ ਵੱਧ ਚੜ ਕੇ ਮੋਰਚੇ ਦੇ ਹੱਕ ਵਿੱਚ ਉਤਰਨ ਦੀ ਅਪੀਲ ਕੀਤੀ।

ਪੰਧੇਰ ਨੇ ਕਿਹਾ ਕਿ 18 ਫਰਵਰੀ ਤੋਂ ਬਾਅਦ ਸਰਕਾਰ ਦੀ ਕਿਸਾਨਾਂ ਨਾਲ ਗੱਲਬਾਤ ਬੰਦ ਹੋ ਗਈ ਹੈ। ਭਾਜਪਾ ਦੇ ਬੁਲਾਰੇ ਮੀਡੀਆ ਵਿੱਚ ਹੀ ਗੱਲ ਕਰਦੇ ਹਨ। ਅਸਲੀਅਤ ਇਹ ਹੈ ਕਿ ਪੀਯੂਸ਼ ਗੋਇਲ ਨੇ ਖੁਦ ਕਿਹਾ ਹੈ ਕਿ ਉਹ ਕੰਟਰੈਕਟ ਫਾਰਮਿੰਗ ਚਾਹੁੰਦੇ ਹਨ ਜਦਕਿ ਕਿਸਾਨ ਐਮਐਸਪੀ ਕਾਨੂੰਨ ਚਾਹੁੰਦੇ ਹਨ।ਪੰਧੇਰ ਨੇ ਕਿਹਾ ਕਿ ਇਸ ਸਮੇਂ ਸਦਨ ਦਾ ਸੈਸ਼ਨ ਚੱਲ ਰਿਹਾ ਹੈ। ਦੇਖਦੇ ਹਾਂ ਕਿ ਕਿੰਨੇ ਲੋਕਾਂ ਨੇ ਕਿਸਾਨਾਂ ਦੇ ਮੁੱਦੇ ਸਦਨ ਵਿੱਚ ਉਠਾਏ? ਅਸੀਂ ਸਿਰਫ MSP ਕਾਨੂੰਨ ਦੀ ਗੱਲ ਕਰ ਰਹੇ ਹਾਂ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਕਿਸਾਨ ਆਪਣੇ ਖਰਚੇ ਵੀ ਪੂਰੇ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਕਿਸਾਨ ਐਮਐਸਪੀ ਕਾਨੂੰਨ ਦੀ ਮੰਗ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment